Rahul Gandhi: ਮੈਂ ਕੁਝ ਨਹੀਂ ਕੀਤਾ, ਸਦਨ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ: ਰਾਹੁਲ
ਉਨ੍ਹਾਂ ਦੋਸ਼ ਲਾਇਆ ਕਿ ਸਦਨ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ।
Rahul Gandhi: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਅਤੇ ਸਦਨ ਨੂੰ ਗ਼ੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਜਦੋਂ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਦੇ ਵਿਵਹਾਰ 'ਤੇ ਟਿੱਪਣੀ ਕੀਤੀ।
ਲੋਕ ਸਭਾ ਸਪੀਕਰ ਬਿਰਲਾ ਨੇ ਬੁੱਧਵਾਰ ਨੂੰ ਸਿਫ਼ਰ ਕਾਲ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੂੰ ਸਦਨ ਦੇ ਨਿਯਮਾਂ ਅਤੇ ਪਰੰਪਰਾਵਾਂ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਵੀ ਇਹੀ ਉਮੀਦ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਉਨ੍ਹਾਂ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ।
ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਬਿਰਲਾ ਨੂੰ ਮਿਲੇ ਅਤੇ "ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਨਾ ਦੇਣ" ਲਈ ਆਪਣਾ ਵਿਰੋਧ ਦਰਜ ਕਰਵਾਇਆ।
ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ, "ਲੋਕ ਸਭਾ ਸਪੀਕਰ ਨੇ ਮੇਰੇ ਬਾਰੇ ਕੁਝ ਕਿਹਾ। ਜਦੋਂ ਮੈਂ ਖੜ੍ਹਾ ਹੋਇਆ ਤਾਂ ਉਹ ਉੱਠ ਕੇ ਚਲੇ ਗਏ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।"
ਉਨ੍ਹਾਂ ਦਾਅਵਾ ਕੀਤਾ, "ਜਦੋਂ ਵੀ ਮੈਂ ਸਦਨ ਵਿੱਚ ਬੋਲਣ ਲਈ ਖੜ੍ਹਾ ਹੁੰਦਾ ਹਾਂ, ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ, ਜਦੋਂ ਕਿ ਪਰੰਪਰਾ ਰਹੀ ਹੈ ਕਿ ਜੇਕਰ ਵਿਰੋਧੀ ਧਿਰ ਦਾ ਨੇਤਾ ਖੜ੍ਹਾ ਹੁੰਦਾ ਹੈ, ਤਾਂ ਉਸ ਨੂੰ ਬੋਲਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਮੈਨੂੰ ਨਹੀਂ ਪਤਾ ਕਿ ਸਦਨ ਵਿੱਚ ਹਾਲਾਤ ਕਿਵੇਂ ਚੱਲ ਰਹੇ ਹਨ।"
ਰਾਹੁਲ ਗਾਂਧੀ ਨੇ ਕਿਹਾ, "ਮੈਂ ਕੁਝ ਨਹੀਂ ਕੀਤਾ।" ਮੈਂ ਚੁੱਪਚਾਪ ਬੈਠਾ ਸੀ। ਮੈਂ ਪਿਛਲੇ ਸੱਤ-ਅੱਠ ਦਿਨਾਂ ਤੋਂ ਕੁਝ ਨਹੀਂ ਕਿਹਾ। ਲੋਕਤੰਤਰ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਲਈ ਜਗ੍ਹਾ ਹੁੰਦੀ ਹੈ, ਪਰ ਇੱਥੇ ਲੋਕਤੰਤਰ ਲਈ ਕੋਈ ਜਗ੍ਹਾ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਲੋਕ ਸਭਾ ਸਪੀਕਰ ਕੀ ਸੋਚਦੇ ਹਨ।"
ਉਨ੍ਹਾਂ ਆਰੋਪ ਲਾਇਆ ਕਿ ਸਦਨ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਸਦਨ ਵਿੱਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਆਰੋਪ ਲਗਾਇਆ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਭਾਜਪਾ ਸੰਸਦ ਮੈਂਬਰ ਜਾਂ ਮੰਤਰੀ ਸਿਰਫ਼ ਖੜ੍ਹਾ ਹੋ ਜਾਂਦਾ ਹੈ, ਤਾਂ ਉਸਨੂੰ ਬੋਲਣ ਦੀ ਖੁੱਲ੍ਹ ਮਿਲ ਜਾਂਦੀ ਹੈ।
ਗੋਗੋਈ ਨੇ ਕਿਹਾ, "ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਸੁਸ਼ਮਾ ਸਵਰਾਜ ਜੀ ਨੂੰ ਲੋਕ ਸਭਾ ਵਿੱਚ ਕਿੰਨਾ ਸਤਿਕਾਰ ਮਿਲਿਆ ਜਦੋਂ ਉਹ ਵਿਰੋਧੀ ਧਿਰ ਦੀ ਨੇਤਾ ਸਨ।"
ਉਨ੍ਹਾਂ ਕਿਹਾ, "ਅਸੀਂ ਲੋਕ ਸਭਾ ਸਪੀਕਰ ਨੂੰ ਮਿਲੇ ਅਤੇ ਆਪਣਾ ਇਤਰਾਜ਼ ਦਰਜ ਕਰਵਾਇਆ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਮਾਣ-ਸਨਮਾਨ ਦੀ ਕੀਤੀ ਜਾ ਰਹੀ ਅਣਦੇਖੀ ਬਾਰੇ ਦੱਸਿਆ।"
ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਸਪੀਕਰ ਤੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।
ਗੋਗੋਈ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਦਨ ਚੱਲੇ, ਪਰ ਇਹ ਸਦਨ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ।"