ਭਾਰਤ ਤੋਂ ਬਾਹਰ ਜਾਣਾ ਚਾਹੁੰਦੈ ਅਮੀਰਾਂ ਦਾ ਪੰਜਵਾਂ ਹਿੱਸਾ : ਸਰਵੇਖਣ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲੇ ਅਨੁਸਾਰ ਹਰ ਸਾਲ 25 ਲੱਖ ਭਾਰਤੀ ਦੂਜੇ ਦੇਸ਼ਾਂ ਵਿਚ ਜਾਂਦੇ ਹਨ

Representative Image.

ਮੁੰਬਈ : ਘੱਟੋ-ਘੱਟ 22 ਫੀ ਸਦੀ ਅਮੀਰ ਭਾਰਤੀ ਇੱਥੇ ਰਹਿਣ-ਸਹਿਣ ਦੇ ਹਾਲਾਤ, ਵਿਦੇਸ਼ਾਂ ’ਚ ਬਿਹਤਰ ਜੀਵਨ ਪੱਧਰ ਅਤੇ ਦੂਜੇ ਦੇਸ਼ਾਂ ’ਚ ਆਸਾਨ ਕਾਰੋਬਾਰੀ ਮਾਹੌਲ ਵਰਗੇ ਕਾਰਕਾਂ ਕਾਰਨ ਦੇਸ਼ ਛੱਡਣਾ ਚਾਹੁੰਦੇ ਹਨ। 150 ਬਹੁਤ ਅਮੀਰ ਵਿਅਕਤੀਆਂ ’ਤੇ ਕੀਤੇ ਗਏ ਸਰਵੇਖਣ ’ਚ ਕਿਹਾ ਗਿਆ ਹੈ ਕਿ ਗੋਲਡਨ ਵੀਜ਼ਾ ਸਕੀਮ ਕਾਰਨ ਅਮਰੀਕਾ, ਬਰਤਾਨੀਆਂ, ਆਸਟਰੇਲੀਆ, ਕੈਨੇਡਾ ਅਤੇ ਇਥੋਂ ਤਕ ਕਿ ਯੂ.ਏ.ਈ. ਵੀ ਪਸੰਦੀਦਾ ਸਥਾਨ ਹਨ, ਜਿੱਥੇ ਅਮੀਰ ਲੋਕ ਵਸਣਾ ਚਾਹੁੰਦੇ ਹਨ।

ਦੇਸ਼ ਦੇ ਪ੍ਰਮੁੱਖ ਦੌਲਤ ਪ੍ਰਬੰਧਕ ਕੋਟਕ ਪ੍ਰਾਈਵੇਟ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਅਨੁਸਾਰ ਹਰ ਸਾਲ 25 ਲੱਖ ਭਾਰਤੀ ਦੂਜੇ ਦੇਸ਼ਾਂ ਵਿਚ ਜਾਂਦੇ ਹਨ। ਸਰਵੇਖਣ ਦੇ ਨਤੀਜਿਆਂ ਵਿਚ ਕਿਹਾ ਗਿਆ ਹੈ ਕਿ ਸਰਵੇਖਣ ਵਿਚ ਸ਼ਾਮਲ ਪੰਜ ਵਿਚੋਂ ਇਕ ਬਹੁਤ ਅਮੀਰ ਲੋਕ ਇਸ ਸਮੇਂ ਪ੍ਰਵਾਸ ਕਰਨ ਦੀ ਪ੍ਰਕਿਰਿਆ ਵਿਚ ਹਨ ਜਾਂ ਪ੍ਰਵਾਸ ਕਰਨ ਦੀ ਯੋਜਨਾ ਬਣਾ ਰਹੇ ਹਨ। ਸਰਵੇਖਣ ’ਚ ਕਿਹਾ ਗਿਆ ਹੈ ਕਿ ਉਹ ਜੀਵਨ ਪੱਧਰ ’ਚ ਸੁਧਾਰ, ਸਿਹਤ ਸੰਭਾਲ, ਹੱਲ, ਸਿੱਖਿਆ ਜਾਂ ਜੀਵਨ ਸ਼ੈਲੀ ਚਾਹੁੰਦੇ ਹਨ। ਪ੍ਰਵਾਸ ਦੇ ਫੈਸਲੇ ਨੂੰ ਭਵਿੱਖ ’ਚ ਨਿਵੇਸ਼ ਦਸਦੇ ਹੋਏ ਸਰਵੇਖਣ ’ਚ ਇਹ ਵੀ ਕਿਹਾ ਗਿਆ ਹੈ ਕਿ ਅਪਣੇ ਬੱਚਿਆਂ ਲਈ ਸ਼ਾਨਦਾਰ ਉੱਚ ਸਿੱਖਿਆ ਦੀ ਭਾਲ ਉਨ੍ਹਾਂ ਨੂੰ ਚੋਣ ਕਰਨ ਲਈ ਪ੍ਰੇਰਿਤ ਕਰਦੀ ਹੈ। 

ਕੋਟਕ ਮਹਿੰਦਰਾ ਬੈਂਕ ਦੀ ਪ੍ਰਧਾਨ ਗੌਤਮੀ ਗਵਾਂਕਰ ਨੇ ਕਿਹਾ ਕਿ ਪਰਵਾਸ ਦੇ ਫੈਸਲੇ ਨੂੰ ਦੇਸ਼ ਤੋਂ ਬਾਹਰ ਪੂੰਜੀ ਦੀ ਉਡਾਣ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ’ਤੇ ਪਾਬੰਦੀਆਂ ਇਹ ਯਕੀਨੀ ਕਰਦੀਆਂ ਹਨ ਕਿ ਪੈਸਾ ਭਾਰਤ ’ਚੋਂ ਬਾਹਰ ਨਾ ਜਾਵੇ, ਭਾਵੇਂ ਵਿਅਕਤੀ ਕਿਸੇ ਹੋਰ ਦੇਸ਼ ਦਾ ਵਾਸੀ ਬਣ ਜਾਵੇ। ਉਨ੍ਹਾਂ ਕਿਹਾ, ‘‘ਹਰ ਭਾਰਤੀ ਨਾਗਰਿਕ ਸਾਲ ’ਚ ਸਿਰਫ 2,50,000 ਡਾਲਰ ਹੀ ਬਾਹਰ ਲਿਜਾ ਸਕਦਾ ਹੈ ਜਦਕਿ ਗੈਰ-ਨਿਵਾਸੀ ਨੂੰ 10 ਲੱਖ ਡਾਲਰ ਲੈ ਦੇ ਜਾਣ ਦੀ ਇਜਾਜ਼ਤ ਹੈ, ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਪੂੰਜੀ ਦੇਸ਼ ਤੋਂ ਬਾਹਰ ਨਾ ਜਾਵੇ।’’

ਸਰਵੇਖਣ ਵਿਚ ਕਿਹਾ ਗਿਆ ਹੈ ਕਿ ਉੱਦਮੀਆਂ ਜਾਂ ਵਾਰਸਾਂ ਦੀ ਤੁਲਨਾ ਵਿਚ ਪੇਸ਼ੇਵਰ ਪ੍ਰਵਾਸ ਕਰਨ ਦੀ ਵਧੇਰੇ ਪ੍ਰਵਿਰਤੀ ਵਿਖਾਉਂਦੇ ਹਨ, ਜਦਕਿ ਉਮਰ ਸਮੂਹ ਦੇ ਨਜ਼ਰੀਏ ਤੋਂ ਇਹ 36-40 ਸਾਲ ਅਤੇ 61 ਸਾਲ ਤੋਂ ਵੱਧ ਉਮਰ ਦੇ ਯੂ.ਐਚ.ਆਈ.ਐਨ. ਹਨ ਜੋ ਪ੍ਰਵਾਸ ਕਰਨ ਲਈ ਵਧੇਰੇ ਉਤਸੁਕ ਹਨ। 

2023 ’ਚ 2.83 ਲੱਖ ਭਾਰਤੀ ਸਨ ਜਿਨ੍ਹਾਂ ਨੂੰ ਯੂ.ਐਚ.ਐਨ.ਆਈ. ਵਜੋਂ ਪਛਾਣਿਆ ਜਾ ਸਕਦਾ ਹੈ, ਹਰ ਕਿਸੇ ਦੀ ਕੁਲ ਜਾਇਦਾਦ 25 ਕਰੋੜ ਰੁਪਏ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਕੁਲ ਜਾਇਦਾਦ 2.83 ਲੱਖ ਕਰੋੜ ਰੁਪਏ ਹੈ। ਸਰਵੇਖਣ ਅਨੁਸਾਰ 2028 ਤਕ 359 ਲੱਖ ਕਰੋੜ ਰੁਪਏ ਦੀ ਦੌਲਤ ਰੱਖਣ ਵਾਲੇ 4.3 ਲੱਖ ਵਿਅਕਤੀਆਂ ਤਕ ਇਹ ਵਧਣ ਦੀ ਉਮੀਦ ਹੈ। 

ਸਰਵੇਖਣ ਵਿਚ ਕਿਹਾ ਗਿਆ ਹੈ ਕਿ ਉੱਚ ਖਪਤ, ਜਨਸੰਖਿਆ ਅਤੇ ਮਜ਼ਬੂਤ ਆਰਥਕ ਵਿਕਾਸ ਵਰਗੇ ਕਾਰਕ ਇਸ ਹਿੱਸੇ ਦੇ ਵਿਕਾਸ ਵਿਚ ਸਹਾਇਤਾ ਕਰਨਗੇ। ਖਰਚ ਦੇ ਨਜ਼ਰੀਏ ਤੋਂ, ਸਿਹਤ ਅਤੇ ਤੰਦਰੁਸਤੀ ਇਕ ਮਹੱਤਵਪੂਰਣ ਖੇਤਰ ਵਜੋਂ ਉੱਭਰੀ ਹੈ, ਖ਼ਾਸਕਰ ਮਹਾਂਮਾਰੀ ਤੋਂ ਬਾਅਦ, 81 ਫ਼ੀ ਸਦੀ ਨੇ ਇਸ ਸ਼੍ਰੇਣੀ ਦੇ ਤਹਿਤ ਅਪਣੇ ਖਰਚਿਆਂ ਵਿਚ ਵਾਧਾ ਦਰਜ ਕੀਤਾ ਹੈ।