ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਦਾ 138ਵਾਂ ਨੰਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੂ ਕੱਟੜਪੰਥੀ, ਪੱਤਰਕਾਰਾਂ ਨਾਲ ਬਹੁਤ ਹਿੰਸਕ : ਆਰ.ਐਸ.ਐਫ਼.

Press

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਪਹਿਲਾਂ ਦੇ ਮੁਕਾਬਲੇ ਦੋ ਸਥਾਨ ਹੇਠਾਂ ਖਿਸਕ ਕੇ 138ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੈਂਕਿੰਗ ਜਾਰੀ ਕਰਨ ਵਾਲੀ ਇਕ ਸੰਸਥਾ ਨੇ ਅਪਣੀ ਸਲਾਨਾ ਰੀਪੋਰਟ ਵਿਚ ਇਸ ਡਿਗਦੀ ਰੈਂਕਿੰਗ ਲਈ ਪੱਤਰਕਾਰਾਂ ਵਿਰੁਧ ਹੋਣ ਵਾਲੀ ਹਿੰਸਾ ਅਤੇ ਨਫ਼ਰਤੀ ਅਪਰਾਧਾਂ ਨੂੰ ਜ਼ਿੰਮੇਵਾਰ ਠਹਿਰਾਇਆ। ਰੀਪੋਰਟਾਂ ਮੁਤਾਬਕ ਭਾਰਤ ਦੀ ਡਿਗਦੀ ਰੈਂਕਿੰਗ ਲਈ ਨਫ਼ਰਤ ਵੀ ਇਕ ਵੱਡਾ ਕਾਰਨ ਹੈ। ਜਦੋਂ ਤੋਂ ਨਰਿੰਦਰ ਮੋਦੀ 2014 ਵਿਚ ਪ੍ਰਧਾਨ ਮੰਤਰੀ ਬਣੇ ਹਨ, ਹਿੰਦੂ ਕੱਟੜਪੰਥੀ ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ।ਰੀਪੋਰਟਰਜ਼ ਵਿਦਆਊਟ ਬਾਰਡਰਜ਼ (ਆਰ.ਐਸ.ਐਫ਼.) ਨੇ ਅਪਣੀ ਰੀਪੋਰਟ 'ਚ ਕਿਹਾ, ''ਭਾਰਤ ਦੀ ਡਿਗਰੀ ਰੈਂਕਿੰਗ ਲਈ ਨਫ਼ਰਤੀ ਅਪਰਾਧ ਵੀ ਇਕ ਵੱਡਾ ਕਾਰਨ ਹਨ। ਜਦੋਂ ਤੋਂ ਨਰਿੰਦਰ ਮੋਦੀ 2014 'ਚ ਪ੍ਰਧਾਨ ਮੰਤਰੀ ਬਣੇ ਹਨ, ਹਿੰਦੂ ਕੱਟੜਪੰਥੀ, ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ।''
ਇਸ 'ਚ ਕਿਹਾ ਗਿਆ ਹੈ ਕਿ ਕੋਈ ਵੀ ਖੋਜਪੂਰਨ ਰੀਪੋਰਟ ਜੋ ਸੱਤਾਧਾਰੀ ਪਾਰਟੀ ਨੂੰ ਚੰਗੀ ਨਹੀਂ ਲਗਦੀ ਜਾਂ ਫਿਰ ਹਿੰਦੂਤਵ ਦੀ ਕਿਸੇ ਤਰ੍ਹਾਂ ਦੀ ਆਲੋਚਨਾ ਵਰਗੇ ਮਾਮਲਿਆਂ ਦੇ ਲੇਖਕ ਜਾਂ ਰੀਪੋਰਟ ਨੂੰ ਆਨਲਾਈਨ ਬੇਇੱਜ਼ਤ ਕਰਨ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਵਰਗੀਆਂ ਧਮਕੀਆਂ ਦਾ ਹੜ੍ਹ ਆ ਜਾਂਦਾ ਹੈ। ਇਨ੍ਹਾਂ 'ਚ ਜ਼ਿਆਦਾਤਰ ਧਮਕੀਆਂ ਪ੍ਰਧਾਨ ਮੰਤਰੀ ਦੀ 'ਟਰੋਲ ਸੈਨਾ' ਵਲੋਂ ਆਉਂਦੀਆਂ ਹਨ। 

ਇਸ ਲਈ ਪੱਤਰਕਾਰਾਂ ਅਤੇ ਕਾਰਕੁਨ ਗੌਰੀ ਲੰਕੇਸ਼ ਦਾ ਉਦਾਹਰਣ ਦਿਤਾ ਗਿਆ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਵਿਚ ਕਤਲ ਕਰ ਦਿਤਾ ਗਿਆ ਸੀ।   
ਰੀਪੋਰਟ ਵਿਚ ਕਿਹਾ ਗਿਆ, ''ਅਖ਼ਬਾਰ ਸੰਪਾਦਕ ਗੌਰੀ ਲੰਕੇਸ਼ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿਤੀ ਗਈ ਸੀ। ਹਿੰਦੂ ਪ੍ਰਧਾਨਤਾ, ਜਾਤੀ ਵਿਵਸਥਾ ਅਤੇ ਔਰਤਾਂ ਵਿਰੁਧ ਹੋਣ ਵਾਲੇ ਵਿਤਕਰੇ ਦੀ ਆਲੋਚਨਾ ਤੋਂ ਬਾਅਦ ਉਹ ਨਫ਼ਰਤ ਦਾ ਸ਼ਿਕਾਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਕਤਲ ਦੀ ਧਮਕੀ ਮਿਲਣ ਲੱਗੀ ਸੀ। ਆਰ.ਐਸ.ਐਫ਼. ਮੁਤਾਬਕ ਭਾਰਤ ਦੀ ਡਿਗਦੀ ਰੈਂਕਿੰਗ ਲਈ ਪੱਤਰਕਾਰਾਂ ਵਿਰੁਧ ਹੋਣ ਵਾਲੀ ਹਿੰਸਾ ਬਹੁਤ ਹੱਦ ਤਕ ਜ਼ਿੰਮੇਦਾਰ ਹੈ। ਉਨ੍ਹਾਂ ਦੇ ਕੰਮ ਦੇ ਚਲਦੇ ਘੱਟ ਤੋਂ ਘੱਟ ਤਿੰਨ ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਜ਼ਿਆਦਾਤਰ ਮਾਮਲਿਆਂ ਵਿਚ ਅਸਪੱਸ਼ਟ ਹਾਲਾਤ ਵਿਚ ਉਨ੍ਹਾਂ ਦੀ ਮੌਤ ਹੋਈ ਅਤੇ ਅਕਸਰ ਅਜਿਹੇ ਮਾਮਲੇ ਪੇਂਡੂ ਇਲਾਕਿਆਂ ਵਿਚ ਵੇਖਣ ਨੂੰ ਮਿਲਦੇ ਹਨ ਜਿਥੇ ਪੱਤਰਕਾਰਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ। 
180 ਦੇਸ਼ਾਂ ਦੀ ਰੈਂਕਿੰਗ ਵਿਚ ਸੰਸਾਰ ਦੇ ਸੱਭ ਤੋਂ ਆਜ਼ਾਦ ਮੀਡੀਆ ਦੇ ਤੌਰ 'ਤੇ ਲਗਾਤਾਰ ਦੂਜੇ ਸਾਲ ਨਾਰਵੇ ਸੱਭ ਤੋਂ ਉਤੇ ਬਣਿਆ ਹੋਇਆ ਹੈ ਉਥੇ ਹੀ ਉੱਤਰ ਕੋਰੀਆ ਵਿਚ ਪ੍ਰੈੱਸ ਦੀ ਆਵਾਜ਼ ਨੂੰ ਸੱਭ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ।  (ਪੀਟੀਆਈ)