ਕਠੂਆ ਸਮੂਹਕ ਬਲਾਤਕਾਰ ਮਾਮਲਾ ਕਤਲ ਮਾਮਲੇ ਦੇ ਦੋ ਮੁਲਜ਼ਮ ਸੀ.ਬੀ.ਆਈ. ਜਾਂਚ ਲਈ ਪਹੁੰਚੇ ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੂਲਜ਼ਮ ਨਾਬਾਲਗ਼ ਦੀ ਅਦਾਲਤ ਵਿਚ ਪੇਸ਼ੀ, ਦੋਸ਼ਪੱਤਰ ਦੀ ਦਿਤੀ ਗਈ ਕਾਪੀ

Kathua Case

 ਸਨਸਨੀਖੇਜ਼ ਕਠੂਆ ਸਮੂਹਕ ਬਲਾਤਕਾਰ ਅਤੇ ਕਤਲੇ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਅੱਜ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਨੇ ਪੀੜਤ ਦੇ ਪਿਤਾ ਦੀ ਉਸ ਅਪੀਲ ਦਾ ਵਿਰੋਧ ਕੀਤਾ ਹੈ ਜਿਸ 'ਚ ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਸੂਬੇ ਤੋਂ ਬਾਹਰ ਕਿਸੇ ਅਦਾਲਤ 'ਚ ਕਰਵਾਈ ਜਾਵੇ।ਇਸ ਮਾਮਲੇ 'ਚ ਮੁਲਜ਼ਮ ਸਾਂਜੀ ਰਾਮ ਅਤੇ ਵਿਸ਼ਾਲ ਜੰਗੋਤਰਾ ਸਿਖਰਲੀ ਅਦਾਲਤ ਆਏ ਹਨ। ਇਨ੍ਹਾਂ ਦੋਹਾਂ ਵਿਰੁਧ ਵੀ ਜੰਮੂ-ਕਸ਼ਮੀਰ ਪੁਲਿਸ ਦੀ ਅਪਰਾਧ ਬ੍ਰਾਂਚ ਨੇ ਚਾਰਜਸ਼ੀਟ ਦਾਇਰ ਕੀਤੀ ਹੇ।  ਦੂਜੇ ਪਾਸੇ ਇਸ ਮਾਮਲੇ 'ਚ ਹਿਰਾਸਤ ਵਿਚ ਲਏ ਗਏ ਨਾਬਾਲਗ਼ ਨੂੰ ਉਸ ਵਿਰੁਧ ਦਾਖ਼ਲ ਚਾਰਜਸ਼ੀਟ ਦੀ ਕਾਪੀ ਅਤੇ ਹੋਰ ਦਸਤਾਵੇਜ਼ ਦੇਣ ਲਈ ਸਖ਼ਤ ਸੁਰੱਖਿਆ ਵਿਚਕਾਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਦਾ ਮੂੰਹ ਢਕਿਆ ਹੋਇਆ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਏ.ਐਸ. ਲੰਗਾਹ ਨੇ ਨਾਬਾਲਗ਼ ਤੋਂ ਪੁਛਿਆ ਕਿ ਕੀ ਉਸ ਨੂੰ ਚਾਰਜਸ਼ੀਟ ਅਤੇ ਹੋਰ ਦਸਤਾਵੇਜਾਂ ਦੀਆਂ ਕਾਪੀਆਂ ਮਿਲੀਆਂ? ਇਸ 'ਤੇ ਉਸ ਨੇ ਹਾਂ ਵਿਚ ਜਵਾਬ ਦਿਤਾ। ਇਸ ਤੋਂ ਬਾਅਦ ਉਸ ਦੇ ਮਾਮਲੇ ਉਤੇ ਅਗਲੀ ਸੁਣਵਾਈ ਲਈ ਸੱਤ ਮਈ ਦੀ ਮਿਤੀ ਤੈਅ ਕੀਤੀ ਗਈ।  

ਉੁਸ ਨੇ ਨਾਬਾਲਗ਼ ਹੋਣ ਦੇ ਆਧਾਰ 'ਤੇ ਜ਼ਮਾਨਤ ਮੰਗੀ ਸੀ ਪਰ ਸੀ.ਜੇ.ਐਮ. ਨੇ ਵਖਰੇ ਆਧਾਰ ਤੇ ਉਸ ਦੀ ਪਟੀਸ਼ਨ ਖਾਰਜ਼ ਕਰ ਦਿਤੀ। ਚਾਰਜਸ਼ੀਟ ਅਨੁਸਾਰ ਉਸ ਨੇ ਲੜਕੀ ਨੂੰ ਅਗਵਾ, ਬਲਾਤਕਾਰ ਅਤੇ ਕਤਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਵਿਚ ਸਥਾਨਕ ਵਾਸੀ ਸਾਂਜੀ ਰਾਮ, ਉਸ ਦਾ ਪੁੱਤਰ ਵਿਸ਼ਾਲ ਸ਼ਰਮਾ ਅਤੇ ਦੋ ਵਿਸ਼ੇਸ਼ ਪੁਲਿਸ ਅਧਿਕਾਰੀ ਹਨ। ਇਸ ਮਾਮਲੇ ਵਿਚ ਰਿਸ਼ਵਤ ਲੈਣ ਮਗਰੋਂ ਮੁਲਜ਼ਮਾਂ ਨੂੰ ਬਚਾਉਣ ਲਈ ਅਹਿਮ ਸਬੂਤ ਨਸ਼ਟ ਕਰਨ ਦੇ ਦੋਸ਼ਾਂ 'ਤੇ ਇਕ ਪੁਲਿਸ ਸਬ-ਇੰਸਪੈਕਟਰ ਅਤੇ ਹੈੱਡਕਾਂਸਟੇਬਲ ਨੂੰ ਵੀ ਫੜਿਆ ਗਿਆ ਹੈ।  ਲੜਕੀ ਜੰਗਲ ਦੇ ਇਕ ਇਲਾਕੇ ਵਿਚ ਘੋੜਿਆਂ ਨੂੰ ਚਰਾਂਉਦੇ ਹੋਏ ਲਾਪਤਾ ਹੋ ਗਈ ਸੀ ਜਿਸ ਦੇ ਇਕ ਹਫ਼ਤੇ ਬਾਅਦ 17 ਜਨਵਰੀ ਨੂੰ ਜੰਗਲ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਜੰਮੂ-ਕਸ਼ਮੀਰ ਸਰਕਾਰ ਨੇ ਇਹ ਮਾਮਲਾ ਕਰਾਈਮ ਬ੍ਰਾਂਚ ਨੂੰ ਸੌਂਪ ਦਿਤਾ ਸੀ ਜਿਸ ਨੇ ਬਲਾਤਕਾਰ ਅਤੇ ਕਤਲ ਦੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਤੋਂ ਬਾਅਦ ਕਰਾਈਮ ਬ੍ਰਾਂਚ ਨੇ ਮਾਮਲੇ ਵਿਚ ਦੋ ਵੱਖ-ਵੱਖ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਸਨ। ਇਸ ਵਿਚ ਇਕ ਚਾਰਜਸ਼ੀਟ ਨੌਂ ਅਪ੍ਰੈਲ ਨੂੰ ਸੱਤ ਜਣਿਆਂ ਵਿਰੁਧ ਅਤੇ ਦੂਜੀ 10 ਅਪ੍ਰੈਲ ਨੂੰ ਨਾਬਾਲਗ਼ ਮੁਲਜ਼ਮ ਵਿਰੁਧ ਦਾਖ਼ਲ ਕੀਤੀ ਗਈ। (ਏਜੰਸੀਆਂ)