ਸੌਦਾ ਸਾਧ ਅਤੇ ਆਸਾਰਾਮ ਨੂੰ ਮਿਲੀਆਂ ਸਜ਼ਾਵਾਂ ਤੋਂ ਬਾਅਦ ਕੁੱਝ ਮੇਲ ਖਾਂਦੇ ਪੱਖ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਰਮ ਦੀ ਆੜ 'ਚ ਹੁੰਦੇ ਕੁਕਰਮ ਆਦਿ ਮਾਹਰਾਂ ਦੀਆਂ ਟਿਪਣੀਆਂ ਉਸੇ ਤਰ੍ਹਾਂ ਵਿਖਾਉਣੀਆਂ ਸ਼ੁਰੂ ਕਰ ਦਿਤੀਆਂ

Sodha Sadh

ਆਸਥਾ ਨਾਲ ਹੁੰਦੇ ਖਿਲਵਾੜ ਦੀਆਂ ਖਬਰਾਂ ਪਹਿਲਾਂ ਸੌਦਾ ਸਾਧ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਵਲੋਂ ਸਜ਼ਾ ਸੁਣਾਉਣ ਮੌਕੇ ਮੀਡੀਏ ਦੀਆਂ ਸੁਰਖੀਆਂ ਬਣੀਆਂ ਤੇ ਹੁਣ ਸਾਧ ਆਸਾਰਾਮ ਨੂੰ ਜਿਉਂ ਹੀ ਜੋਧਪੁਰ ਦੀ ਅਦਾਲਤ ਨੇ ਸਜਾ ਸੁਣਾਈ ਤਾਂ ਸਾਰੇ ਟੀਵੀ ਚੈਨਲਾਂ ਨੇ ਆਸਾਰਾਮ ਦੀਆਂ ਰੰਗ ਬਿਰੰਗੀਆਂ ਡਿਜਾਈਨਾਂ 'ਚ ਪੁਸ਼ਾਕਾਂ ਵਾਲੀਆਂ ਤਸਵੀਰਾਂ ਵਿਖਾ ਕੇ ਕਰਮਾਂ ਦੀ ਸਜ਼ਾ, ਧਰਮ ਦੀ ਆੜ 'ਚ ਹੁੰਦੇ ਕੁਕਰਮ ਆਦਿ ਮਾਹਰਾਂ ਦੀਆਂ ਟਿਪਣੀਆਂ ਉਸੇ ਤਰ੍ਹਾਂ ਵਿਖਾਉਣੀਆਂ ਸ਼ੁਰੂ ਕਰ ਦਿਤੀਆਂ, ਜਿਵੇਂ 25 ਅਗਸਤ 2017 ਨੂੰ ਸੌਦਾ ਸਾਧ ਦੀਆਂ ਫ਼ਿਲਮਾਂ ਦੇ ਸੀਨ ਵਿਖਾ ਕੇ ਉਸ ਨੂੰ ਰੱਬ ਦਾ ਦੂਤ (ਐਮਐਸਜੀ) ਆਖ-ਆਖ ਕੇ ਟੀਵੀ ਚੈਨਲਾਂ ਵਲੋਂ ਖੂਬ ਮਖੌਲ ਉਡਾਇਆ ਗਿਆ ਸੀ। ਭਾਵੇਂ ਸੌਦਾ ਸਾਧ ਨੂੰ ਸਜ਼ਾ ਸੁਣਾਉਣ ਮੌਕੇ ਵੀ 25 ਤਰੀਕ ਸੀ ਤੇ ਅੱਜ ਵੀ 25 ਤਰੀਕ ਹੀ ਹੈ ਪਰ ਫ਼ਰਕ ਐਨਾ ਹੈ ਕਿ ਉਸ ਸਮੇਂ ਟੀਵੀ ਚੈਨਲਾਂ ਨੇ ਸੌਦਾ ਸਾਧ ਨੂੰ ਬਲਾਤਕਾਰੀ ਬਾਬਾ, ਬਲਾਤਕਾਰੀ ਬਾਬੇ ਦੇ ਗੁੰਡੇ ਅਤੇ ਬਲਾਤਕਾਰੀ ਬਾਬੇ ਦੇ ਗੁੰਡਿਆਂ ਦੀ ਟੀਮ ਦੀਆਂ ਕਰਤੂਤਾਂ ਵਰਗੇ ਸ਼ਬਦ ਵਰਤ ਕੇ ਸੌਦਾ ਸਾਧ ਵਲੋਂ ਕੀਤੇ ਕਾਰਨਾਮਿਆਂ ਦੀ ਲੰਮੀ ਸੂਚੀ ਬਿਆਨ ਕਰ ਦਿਤੀ ਸੀ ਪਰ ਆਸਾਰਾਮ ਦਾ ਟੀਵੀ ਚੈਨਲਾਂ ਉੱਪਰ ਵਿਖਾਇਆ ਗਿਆ ਘਟਨਾਕ੍ਰਮ ਕੁੱਝ ਵਖਰਾ ਵੇਖਣ ਨੂੰ ਮਿਲਿਆ। ਜਿਸ ਤਰ੍ਹਾਂ ਅਕਾਲੀ ਦਲ ਬਾਦਲ, ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਨਾਲ ਸਬੰਧਤ ਪਹਿਲੀ ਕਤਾਰ ਦੇ ਆਗੂਆਂ ਵੱਲੋਂ ਸੋਦਾ ਸਾਧ ਦੀਆਂ ਚੌਂਕੀਆਂ ਭਰਨ ਦੀਆਂ ਖਬਰਾਂ ਸ਼ੋਸ਼ਲ ਮੀਡੀਏ ਰਾਹੀਂ ਸਮੇਂ ਸਮੇਂ ਨਸ਼ਰ ਹੁੰਦੀਆਂ ਰਹੀਆਂ, ਬਿਲਕੁਲ ਉਸੇ ਤਰਾਂ ਆਸਾ ਰਾਮ ਦੇ ਸਮਾਗਮਾਂ 'ਚ ਵੀ ਨਰਿੰਦਰ ਮੋਦੀ, ਅਟੱਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਦੇ ਦਿਗਵਿਜੈ ਸਿੰਘ, ਨੈਸ਼ਨਲ ਕਾਨਫਰੰਸ ਜੰਮੂ-ਕਸ਼ਮੀਰ ਦੇ ਫ਼ਾਰੂਕ ਅਬਦੁੱਲਾ ਸਮੇਤ ਹੋਰ ਪਾਰਟੀਆਂ ਦੇ ਸੀਨੀਅਰ ਆਗੂ ਹਾਜ਼ਰੀਆਂ ਭਰਦੇ ਰਹੇ। 

ਜਿਵੇਂ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਸੋਦਾ ਸਾਧ ਦੇ ਸਮਾਗਮਾਂ 'ਚ ਉਕਤ ਸਾਧ ਦੀਆਂ ਸਿਫਤਾਂ ਦੇ ਪੁੱਲ ਬੰਨੇ ਗਏ, ਬਿਲਕੁੱਲ ਉਸੇ ਤਰਾਂ ਟੀਵੀ ਚੈਨਲਾਂ ਨੇ ਪੁਰਾਣੇ ਵੀਡੀਓ ਕਲਿੱਪ ਦਿਖਾ ਕੇ ਦੱਸਿਆ ਕਿ ਭਾਜਪਾ ਦੇ ਦਿੱਗਜ਼ ਆਗੂ ਵੀ ਆਸਾ ਰਾਮ ਦੇ ਕਸ਼ੀਦੇ ਪੜਦੇ ਰਹੇ ਹਨ। 
ਸੋਦਾ ਸਾਧ ਅਤੇ ਆਸਾ ਰਾਮ ਨੇ ਆਪਣੇ ਸ਼ਰਧਾਲੂਆਂ ਦੀਆਂ ਉਨਾ ਧੀਆਂ ਨਾਲ ਕੁਕਰਮ ਕੀਤਾ, ਜਿੰਨਾਂ ਦੇ ਮਾਪਿਆਂ ਨੇ ਪਤਾ ਨਹੀਂ ਕਿਹੜੇ ਵਿਸ਼ਵਾਸ਼, ਸ਼ਰਧਾ ਅਤੇ ਆਸਥਾ ਨਾਲ ਆਪਣੀਆਂ ਧੀਆਂ ਨੂੰ ਧਰਮ ਦਾ ਮੁਖੌਟਾ ਪਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਇਨਾਂ ਅਖੌਤੀ ਸਾਧਾਂ ਕੋਲ ਭੇਜਿਆ ਸੀ। ਆਸਾ ਰਾਮ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਵਾਲੀ ਲੜਕੀ ਨਬਾਲਗ ਹੈ ਤੇ ਮਨੋਵਿਗਿਆਨੀਆਂ ਅਨੁਸਾਰ ਬੱਚਿਆਂ ਦੀ ਮਾਸੂਮੀਅਤ ਦਾ ਲਿਹਾਜ ਨਾ ਕਰਨ ਵਾਲੇ ਅਜਿਹੇ ਦਰਿੰਦਿਆਂ ਨੂੰ ਸਜਾ ਸੁਣਾ ਕੇ ਅਦਾਲਤ ਨੇ ਆਮ ਲੋਕਾਂ ਦਾ ਨਿਆ ਪਾਲਿਕਾ 'ਚ ਵਿਸ਼ਵਾਸ਼ ਵਧਾ ਦਿੱਤਾ ਹੈ। ਦੇਸ਼ ਭਰ ਦੀਆਂ ਅਦਾਲਤਾਂ 'ਚ ਵੱਖ-ਵੱਖ ਕਿਸਮਾਂ ਦੇ ਚੱਲਦੇ ਕੇਸਾਂ 'ਚ ਗਵਾਹਾਂ ਨੂੰ ਡਰਾਉਣ, ਧਮਕਾਉਣ ਜਾਂ ਖਰੀਦਣ ਦੇ ਮਾਮਲੇ ਤਾਂ ਅਕਸਰ ਪੜਨ ਸੁਨਣ ਨੂੰ ਮਿਲਦੇ ਹਨ ਪਰ ਆਪਣੇ ਵਿਰੋਧੀਆਂ ਜਾਂ ਗਵਾਹਾਂ ਦਾ ਕਤਲ ਕਰ ਦੇਣਾ, ਇਹ ਆਸਾ ਰਾਮ ਅਤੇ ਸੋਦਾ ਸਾਧ ਦੇ ਹਿੱਸੇ ਆਇਆ ਹੈ। ਇਸ ਲਈ ਟੀਵੀ ਚੈਨਲਾਂ ਨੇ ਸਪੱਸ਼ਟ ਕੀਤਾ ਕਿ ਅਜੇ ਕਤਲ ਦੇ ਦੋਸ਼ਾਂ 'ਚ ਸੋਦਾ ਸਾਧ ਅਤੇ ਆਸਾ ਰਾਮ ਨੂੰ ਸਜਾ ਸੁਣਾਈ ਜਾਣੀ ਬਾਕੀ ਹੈ। ਸੋਦਾ ਸਾਧ ਅਤੇ ਆਸਾ ਰਾਮ ਦਾ ਪੁਲਿਸ ਪ੍ਰਸ਼ਾਸ਼ਨ ਉਪਰ ਦਬਦਬਾ ਐਨਾ ਸੀ ਕਿ ਕਿਸੇ ਵੀ ਥਾਣੇ 'ਚ ਪੀੜਤਾਂ ਦੀ ਸੁਣਵਾਈ ਨਾ ਹੋਈ, ਸ਼ਿਕਾਇਤ ਦਰ-ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਜਰੂਰਤ ਨਾ ਸਮਝੀ, ਧਰਮ ਗੁਰੂਆਂ ਦੀਆਂ ਕਰਤੂਤਾਂ ਨੇ ਜਿੱਥੇ ਆਮ ਲੋਕਾਂ ਦੀ ਆਸਥਾ ਨੂੰ ਸੱਟ ਮਾਰੀ ਹੈ, ਉੱਥੇ ਧਰਮ ਦੀ ਆੜ 'ਚ ਹੁੰਦੇ ਸ਼ਰਮਨਾਕ ਕੁਕਰਮਾਂ, ਕਤਲਾਂ ਅਤੇ ਹੋਰ ਅਜਿਹੀਆਂ ਹਰਕਤਾਂ ਨੂੰ ਜਨਤਕ ਕੀਤਾ ਹੈ, ਜਿਸ ਨਾਲ ਆਮ ਲੋਕਾਂ ਦਾ ਜਾਗਰੂਕ ਅਤੇ ਸੁਚੇਤ ਹੋਣਾ ਸੁਭਾਵਿਕ ਹੈ। ਸ਼ੋਸ਼ਲ ਮੀਡੀਏ ਰਾਹੀਂ ਜਿਸ ਤਰਾਂ ਪੰਚਕੁਲਾ ਦੀ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਦੀ ਦਲੇਰੀ ਦੇ ਕਿੱਸੇ ਵਾਇਰਲ ਹੋਏ ਸਨ, ਬਿਲਕੁੱਲ ਉਸ ਤਰਾਂ ਐਸ ਸੀ ਐਸਟੀ ਅਦਾਲਤ ਜੋਧਪੁਰ ਦੇ ਜੱਜ ਮਧੂਸੂਦਨ ਸ਼ਰਮਾ ਦਾ ਪੀੜਤ ਪਰਿਵਾਰਾਂ, ਉਨਾ ਦੇ ਪ੍ਰਸੰਸਕਾਂ ਅਤੇ ਆਮ ਲੋਕਾਂ ਵੱਲੋਂ ਸ਼ੁਕਰਾਨਾ ਕਰਨ ਦੀਆਂ ਪੋਸਟਾਂ ਧੜਾ ਧੜ ਸ਼ੋਸ਼ਲ ਮੀਡੀਏ ਰਾਹੀਂ ਆ ਰਹੀਆਂ ਹਨ। ਸੋਦਾ ਸਾਧ ਦੇ ਨਾਲ ਪ੍ਰਛਾਵੇਂ ਵਾਂਗ ਰਹਿਣ ਵਾਲੀ ਹਨੀਪ੍ਰੀਤ ਨੂੰ ਪੁਲਿਸ ਮੌਕੇ 'ਤੇ ਕਾਬੂ ਨਾ ਕਰ ਸਕੀ, ਜਦਕਿ ਆਸਾ ਰਾਮ ਦੇ ਡੇਰੇ ਦੀ ਇਕ ਸਾਧਵੀ ਸ਼ਿਲਪੀ ਨੂੰ ਵੀ ਜਦੋਂ ਜੱਜ ਨੇ 20 ਸਾਲ ਦੀ ਸਜਾ ਸੁਣਾਈ ਤਾਂ ਪੁਲਿਸ ਨੇ ਤੁਰਤ ਗ੍ਰਿਫਤਾਰ ਕਰ ਲਿਆ।