ਡਾ. ਮਨਮੋਹਨ ਸਿੰਘ ਨੇ ਕਿਹਾ ਮੁਲਾਜ਼ਮਾਂ ਅਤੇ ਫ਼ੋਜੀਆਂ ਦੀਆਂ ਮੁਸ਼ਕਲਾਂ ਵਧਾਉਣਾ ਗ਼ਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੁਲਾਜ਼ਮਾਂ ਦਾ ਡੀ.ਏ. ਰੋਕੇ ਜਾਣ ’ਤੇ ਕਾਂਗਰਸ ਨੂੰ ਇਤਰਾਜ਼

File Photo

ਨਵੀਂ ਦਿੱਲੀ, 25 ਅਪ੍ਰੈਲ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਕਾਰੀ ਮੁਲਾਜ਼ਮਾਂ ਦੇ ਮੰਹਿਗਾਈ ਭੱਤੇ ’ਚ ਵਾਧਾ ਨਹੀਂ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਸਮੇਂ ਕੇਂਦਰੀ ਮੁਲਾਜ਼ਮਾਂ ਅਤੇ ਫ਼ੌਜੀਆਂ ਲਈ ਮੁਸ਼ਕਲ ਪੈਦਾ ਕਰਨਾ ਠੀਕ ਨਹੀਂ ਹੈ। ਕਾਂਗਰਸ ਵਲੋਂ ਜਾਰੀ ਪਾਰਟੀ ਦੇ ਸਲਾਹਕਾਰ ਸਮੂਹ ਦੀ ਮੀਟਿੰਗ ਦੇ ਵੀਡੀਉ ਮੁਤਾਬਕ ਡਾ.ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਇਸ ਸਮੇਂ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਅਤੇ ਫ਼ੌਜੀਆਂ ਨਾਲ ਖੜ੍ਹਾ ਹੋਣਾ ਹੈ।

ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਲੋਕਾਂ ਨਾਲ ਖੜ੍ਹਾ ਹੋਣਾ ਹੈ ਜਿਨ੍ਹਾਂ ਦੇ ਭੱਤੇ ਕੱਟੇ ਜਾ ਰਹੇ ਹਨ। ਮੇਰਾ ਮੰਨਨਾ ਹੈ ਕਿ ਇਸ ਸਮੇਂ ਸਰਕਾਰੀ ਮੁਲਾਜ਼ਮਾਂ ਅਤੇ ਹਥਿਆਰਬੰਦ ਬਲਾਂ ਲਈ ਮੁਸ਼ਕਲ ਪੈਦਾ ਕਰਨ ਦੀ ਜ਼ਰੂਰਤ ਨਹੀਂ ਸੀ।’’ ਮੀਟਿੰਗ ’ਚ ਕਾਂਗਰਸ ਦੇ ਸਾਬਾਕਾ ਮੁਖੀ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਪਾਸੇ ਤਾਂ ਸੈਂਟ੍ਰਲ ਵਿਸਟਾ ਪ੍ਰੋਜੈਕਟ ’ਤੇ ਪੈਸਾ ਖ਼ਰਚ ਹੋ ਰਿਹਾ ਹੈ ਅਤੇ ਦੂਜੇ ਪਾਸੇ ਮੱਧਮ ਵਰਗ ਤੋਂ ਪੈਸੇ ਲਏ ਜਾ ਰਹੇ ਹਨ।

ਅਜਿਹਾ ਨਹੀਂ ਹੈ ਕਿ ਇਹ ਪੈਸਾ ਗ਼ਰੀਬ ਨੂੰ ਦਿਤਾ ਜਾ ਰਿਹਾ ਹੈ। ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਅਤੇ ਪਾਰਟੀ ਦੇ ਮੁਖ ਬਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੇ ਭੱਤੇ ਘੱਟ ਕਰਨ ਦੀ ਥਾਂ ਸਰਕਾਰ ਨੂੰ ਸੈਂਟ੍ਰਲ ਵਿਸਟਾ ਪ੍ਰੋਜੈਕਟ ਅਤੇ ਦੂਜੇ ਗ਼ੈਰ ਜ਼ਰੂਰੀ ਖ਼ਰਚੇ ਰੋਕਣੇ ਚਾਹੀਦੇ ਹਨ।     (ਪੀਟੀਆਈ)