ਜੈਪੁਰ, 26 ਅਪ੍ਰੈਲ : ਅਪਣੇ ਕਰਤਬਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦੇਣ ਵਾਲਾ ਜਾਦੂਗਰ ਹੁਣ ਸਬਜ਼ੀ ਵੇਚਣ ਲਈ ਮਜਬੂਰ ਹੋ ਗਿਆ ਹੈ। 38 ਸਾਲਾ ਜਾਦੂਗਰ ਰਾਜੂ ਮੋਹਰ ਉਰਫ਼ ਆਰ ਜੇ ਸਮਰਾਟ ਜਾਦੂਗਰ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੀਆਂ ਭੀੜ-ਭਾੜ ਵਾਲੀਆਂ ਗਲੀਆਂ ਵਿਚ ਅੱਜਕਲ ਸਬਜ਼ੀ ਵੇਚ ਰਿਹਾ ਹੈ ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਨੇ ਉਸ ਦਾ ਜਾਦੂਗਰੀ ਵਾਲਾ ਰੁਜ਼ਗਾਰ ਖੋਹ ਲਿਆ ਹੈ।
ਯੂਪੀ ਤੇ ਮੱਧ ਪ੍ਰਦੇਸ਼ ਦੀ ਹੱਦ ਨਾਲ ਲੱਗੇ ਧੌਲਪੁਰ ਦੇ ਰਾਜਾਖੇੜਾ ਸ਼ਹਿਰ ਦੇ ਵਸਨੀਕ ਜਾਦੂਗਰ ਮੋਹਰ ਦੀ ਕਹਾਣੀ ਕਈ ਹੋਰਾਂ ਨਾਲ ਮਿਲਦੀ-ਜੁਲਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿਚ ਇਸ ਸੰਕਟ ਨੇ ਕਹਿਰ ਢਾਹ ਦਿਤਾ ਹੈ। ਮੋਹਰ ਨੇ ਦਸਿਆ, 'ਮੇਰਾ ਸਾਰਾ ਕਾਰੋਬਾਰ ਬੰਦ ਹੋ ਗਿਆ ਹੈ। ਤਾਲਾਬੰਦੀ ਕਾਰਨ ਹੁਣ ਮੇਰਾ 12 ਤੋਂ ਵੱਧ ਮੁਲਾਜ਼ਮਾਂ ਦਾ ਸਟਾਫ਼ ਅਪਣੇ ਘਰਾਂ ਵਿਚ ਬੈਠਾ ਹੈ। ਜਦ ਮੈਨੂੰ ਮਕਾਨ ਦਾ ਕਿਰਾਇਆ ਦੇਣ ਅਤੇ ਪਰਵਾਰ ਦਾ ਢਿੱਡ ਭਰਨ ਦਾ ਵਿਚਾਰ ਮਨ ਵਿਚ ਆਇਆ ਤਾਂ ਸਬਜ਼ੀ ਵੇਚਣ ਤੋਂ ਬਿਨਾਂ ਮੈਨੂੰ ਹੋਰ ਕੋਈ ਬਦਲ ਨਾ ਦਿਸਿਆ।' ਉਨ੍ਹਾਂ ਕਿਹਾ ਕਿ ਅਜਿਹਾ ਸਮਾਂ ਉਨ੍ਹਾਂ ਅਪਣੀ ਜ਼ਿੰਦਗੀ ਵਿਚ ਕਦੇ ਨਹੀਂ ਵੇਖਿਆ।
ਜਾਦੂਗਰ ਨੇ ਦਸਿਆ ਕਿ ਪਿਛਲੇ 15 ਸਾਲਾਂ ਦੌਰਾਨ ਉਸ ਨੇ ਯੂਪੀ, ਉਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਦੇਸ਼ ਭਰ ਵਿਚ ਕਈ ਥਾਵਾਂ 'ਤੇ ਸੈਂਕੜੇ ਸ਼ੋਅ ਕੀਤੇ ਹਨ। ਉਸ ਨੇ ਕਿਹਾ, 'ਪੂਰੇ ਭਾਰਤ ਵਿਚ ਮੈਂ 8-10 ਸ਼ੋਅ ਹਰ ਰੋਜ਼ ਕਰਦਾ ਸੀ। ਮੇਰਾ ਆਖ਼ਰੀ ਸ਼ੋਅ ਭਿੰਡ ਅਤੇ ਮੁਰੇਨਾ ਵਿਚ ਹੋਇਆ ਸੀ। ਤਾਲਾਬੰਦੀ ਕਾਰਨ ਰੰਗਮੰਚ ਦੀ ਸਮੱਗਰੀ ਭਿੰਡ ਵਿਚ ਮੇਰੇ ਮੁਲਾਜ਼ਮ ਦੇ ਘਰ ਪਈ ਹੈ।' ਉਸ ਨੂੰ ਉਮੀਦ ਹੈ ਕਿ ਜ਼ਿੰਦਗੀ ਮੁੜ ਲੀਹ 'ਤੇ ਆਵੇਗੀ ਅਤੇ ਉਸ ਦਾ ਕਾਰੋਬਾਰ ਮੁੜ ਚੱਲੇਗਾ। ਉਸ ਨੇ ਕਿਹਾ ਕਿ ਉਸ ਕੋਲ ਇਕੋ ਇਕ ਹੁਨਰ ਹੈ ਜਿਸ ਜ਼ਰੀਏ ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਉਤਸੁਕ ਹੈ।