ਕੋਰੋਨਾ ਦੇ ਡਰ ਤੋਂ ਆਪਣਿਆਂ ਨੇ ਛੱਡਿਆ ਸਾਥ, ਮੁਸਲਿਮ ਭਰਾਵਾਂ ਨੇ ਕੀਤਾ ਅੰਤਿਮ ਸਸਕਾਰ
ਇਹ ਕੰਮ ਕਰਨ ਤੋਂ ਬਾਅਦ ਲੋਕ ਮੁਸਲਿਮ ਭਾਈਚਾਰੇ ਦੀ ਵਾਹ-ਵਾਹ ਕਰ ਰਹੇ ਹਨ।
ਸਾਗਰ - ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਵਿਚ ਹਲਚਲ ਮਚਾ ਕੇ ਰੱਖੀ ਹੋਈ ਹੈ। ਇਸ ਦੌਰਾਨ ਜਦੋਂ ਕਈ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰ ਵਾਲੇ ਜਾਂ ਗੁਆਂਢੀ ਮਰੀਜ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹੀ ਹੀ ਘਟਨਾ ਹੁਣ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਸ਼ਹਿਰ ਦੇ ਰਾਮਪੁਰਾ ਵਾਰਡ ਦੇ ਸਰਕਾਰੀ ਇੰਜੀਨੀਅਰਿੰਗ ਕਾਲਜ ਵਿਚ ਤਾਇਨਾਤ ਉਲਾਸ ਹਾਡਿੱਕਰ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਰਿਪੋਰਟ ਪਾਜ਼ੀਟਿਵ ਆਈ।
ਫਿਰ ਉਹ ਘਰ ਵਿਚ ਹੀ ਇਕਾਂਤਵਾਸ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਨੂੰਹ ਨੂੰ ਛੱਡ ਗਿਆ। ਉਲਾਸ ਨੂੰ ਜਦੋਂ ਸਸਕਾਰ ਲਈ ਘਰ ਤੋਂ ਸ਼ਮਸ਼ਾਨ ਘਾਟ ਲੈ ਕੇ ਜਾਣ ਦੀ ਗੱਲ ਆਈ ਤਾਂ ਗੁਆਂਢੀਆਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇਕ ਵਿਅਕਤੀ ਨੇ ਸਾਗਰ ਮੁਸਲਿਮ ਸਮਾਜ ਦੇ ਲੋਕਾਂ ਨੂੰ ਫੋਨ ਕੀਤਾ। ਕਬਰਸਤਾਨ ਕਮੇਟੀ ਅਤੇ ਸਮਾਜ ਦੇ ਕੁੱਝ ਲੋਕ ਅੱਗੇ ਆਏ। ਉਹਨਾਂ ਨੇ ਪੀਪੀਈ ਕਿੱਟ ਪਾਈ ਅਤੇ ਲਾਸ਼ ਨੂੰ ਘਰ ਤੋਂ ਚੌਰਾਹੇ ਤੱਕ ਉਠਾ ਕੇ ਲੈ ਕੇ ਗਏ।
ਇਸ ਤੋਂ ਬਾਅਦ ਬਾਈਕ ਨਾਲ ਨਰਾਇਵਲੀ ਨਾਕਾ ਤੱਕ ਗਏ ਜਿੱਥੇ ਸਸਕਾਰ ਕੀਤਾ ਗਿਆ। ਕਬਰਿਸਤਾਨ ਕਮੇਟੀ ਦੇ ਪ੍ਰਧਾਨ ਇਰਸ਼ਾਦ ਖਾਨ ਪੱਪੂ ਪਹਿਲਵਾਨ ਨੇ ਦੱਸਿਆ ਕਿ ਉਹਨਾਂ ਕੋਲ ਫੋਨ ਆਇਆ ਸੀ ਕਿ ਉਲਾਸ ਦਾ ਦੇਹਾਂਤ ਹੋ ਗਿਆ ਹੈ। ਅੰਤਿਮ ਸਸਕਾਰ ਲਈ ਲੈ ਕੇ ਜਾਣਾ ਹੈ ਜਿਸ ਤੋਂ ਬਾਅਦ ਅਸੀਂ ਵਿਵਸਥਾ ਕੀਤੀ ਅਤੇ ਸਸਕਾਰ ਕੀਤਾ। ਦੱਸ ਦਈਏ ਕਿ ਇਹ ਕੰਮ ਕਰਨ ਤੋਂ ਬਾਅਦ ਲੋਕ ਮੁਸਲਿਮ ਭਾਈਚਾਰੇ ਦੀ ਵਾਹ-ਵਾਹ ਕਰ ਰਹੇ ਹਨ। ਸਮਾਜ ਵਿਚ ਮੌਜੂਦ ਅਜਿਹੇ ਲੋਕ ਹੀ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ।