ਲਗਾਤਾਰ ਚੌਥੇ ਦਿਨ 3.52 ਲੱਖ ਤੋਂ ਵਧ ਕੋਰੋਨਾ ਦੇ ਨਵੇਂ ਮਾਮਲੇ ਆਏ , 2812 ਮੌਤਾਂ
ਦੇਸ਼ ਵਿਚ 14,19,11,223 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਵੈਕਸ਼ੀਨੇਸ਼ਨ
ਨਵੀਂ ਦਿੱਲੀ: ਕੋਰੋਨਾ ਦੇ ਮਾਮਲਿਆਂ ’ਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ’ਚ ਹੁਣ ਰੋਜ਼ਾਨਾ 3.52 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਬੀਤੇ 24 ਘੰਟਿਆਂ ’ਚ ਕੋਰੋਨਾ ਦੇ 3,52,991 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 2812 ਮਰੀਜ਼ਾਂ ਦੀਆਂ ਮੌਤਾਂ ਹੋਣ ਨਾਲ ਮੌਤਾਂ ਦਾ ਅੰਕੜਾ 1,95,123 ਹੋ ਗਿਆ ।
ਸੱਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਉੱਤਰ-ਪ੍ਰਦੇਸ਼, ਕਰਨਾਟਕ, ਕੇਰਲ ਅਤੇ ਦਿੱਲੀ ਦੇ ਮਾਮਲੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ’ਚ ਕੋਰੋਨਾ ਦੇ ਰੀਕਾਰਡ 3,49,691 ਮਾਮਲੇ ਸਾਹਮਣੇ ਆਏ ਸਨ ਜਦਕਿ 2767 ਮਰੀਜ਼ਾਂ ਦੀ ਮੌਤ ਹੋ ਗਈ ਸੀ। ਦੇਸ਼ ਵਿਚ ਵੈਕਸ਼ੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ਼ ਰਿਹਾ ਹੈ। ਦੇਸ਼ ਵਿਚ 14,19,11,223 ਲੋਕਾਂ ਨੂੰ ਵੈਕਸ਼ੀਨੇਸ਼ਨ ਲਗਾਈ ਜਾ ਚੁੱਕੀ ਹੈ।
ਪੰਜਾਬ ਅੰਦਰ ਕੋਰੋਨਾ ਦਾ ਕਹਿਰ ਪੰਜਾਬ ਅੰਦਰ ਵੀ ਕੋਰੋਨਾ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤਾਂ ਹੋਈਆਂ ਹਨ। ਜਦਕਿ 7,014 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 48,154 ਹੋ ਗਈ ਹੈ।