ਚੰਡੀਗੜ੍ਹ 'ਚ ਗ਼ਰੀਬਾਂ ਦੇ ਆਸ਼ਿਆਨਿਆਂ 'ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ 'ਚ ਪ੍ਰਸ਼ਾਸਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਦੀ ਸੰਜੇ ਕਾਲੋਨੀ ਅਤੇ ਚਾਰ ਨੰਬਰ ਕਾਲੋਨੀ ਦੇ ਕੱਚੇ ਮਕਾਨਾਂ ਨੂੰ ਢਾਹੁਣ ਦੇ ਲਈ ਪ੍ਰਸ਼ਾਸਨ ਕਾਹਲਾ ਪਿਆ ਦਿਖਾਈ ਦਿੰਦਾ ਹੈ।

Chandigarh administration is preparing to run a bulldozer on the shelters

(ਚੰਡੀਗੜ੍ਹ (ਸੈਸ਼ਵ ਨਾਗਰਾ) : ਚੰਡੀਗੜ੍ਹ ਦੀ ਸੰਜੇ ਕਾਲੋਨੀ ਅਤੇ ਚਾਰ ਨੰਬਰ ਕਾਲੋਨੀ ਦੇ ਕੱਚੇ ਮਕਾਨਾਂ ਨੂੰ ਢਾਹੁਣ ਦੇ ਲਈ ਪ੍ਰਸ਼ਾਸਨ ਕਾਹਲਾ ਪਿਆ ਦਿਖਾਈ ਦਿੰਦਾ ਹੈ। ਪਹਿਲਾਂ ਪ੍ਰਸ਼ਾਸਨ ਨੇ ਅਨਾਊਂਸਮੈਂਟ ਕਰ ਕੇ ਸ਼ਨੀਵਾਰ ਤੱਕ ਮਕਾਨ ਖਾਲੀ ਕਰਨ ਲਈ ਕਿਹਾ ਸੀ ਤੇ ਹੁਣ ਅੱਜ ਲਾਊਡ ਸਪੀਕਰ 'ਚ ਬੋਲਦਿਆਂ ਆਖਰੀ ਚਿਤਾਵਨੀ ਦਿੱਤੀ ਗਈ। ਇਸ ਤੋਂ ਪਹਿਲਾ 15 ਫਰਵਰੀ ਨੂੰ ਕਾਲੋਨੀ ਵਿਚ 2 ਮਹੀਨਿਆ 'ਚ ਮਕਾਨ ਖਾਲੀ ਕਰਨ ਦੇ ਨੋਟਿਸ ਵੀ ਲਗਾਏ ਗਏ ਸਨ। ਕਾਲੋਨੀ ਨਿਵਾਸੀਆਂ ਨੇ ਦੱਸਿਆ ਹੈ ਕਿ ਸਪੀਕਰ ਵਿੱਚ ਬੋਲਦਿਆਂ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਅੱਜ ਸਾਰੇ ਕੱਚੇ ਮਕਾਨ ਖਾਲੀ ਕਰ ਦਿੱਤੇ ਜਾਣ ਨਹੀਂ ਤਾਂ ਪ੍ਰਸ਼ਾਸ਼ਨ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਨਹੀਂ ਹੋਵੇਗਾ, ਨਿਵਾਸੀ ਖੁਦ ਇਸਦੇ ਜ਼ਿੰਮੇਵਾਰ ਹੋਣਗੇ। 

ਇਸ ਨੂੰ ਲੈ ਕੇ ਕਾਲੋਨੀ ਵਾਲਿਆਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਹੈ। ਇਹ ਲੋਕ ਇੱਥੇ ਪਿਛਲੇ 25-30 ਸਾਲਾਂ ਤੋਂ ਰਹਿ ਰਹੇ ਹਨ। ਪ੍ਰਸ਼ਾਸਨ ਇਨ੍ਹਾਂ ਕੱਚੇ ਮਕਾਨਾਂ ਨੂੰ ਖਾਲੀ ਕਰਵਾਉਣਾ ਚਾਹੁੰਦਾ ਹੈ ਪਰ ਇਸਦੇ ਦੇ ਬਦਲੇ ਪਰਵਾਸ ਯੋਜਨਾ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਪੱਕੇ ਮਕਾਨ ਮਿਲਣੇ ਸਨ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਬਾਇਓਮੈਟ੍ਰਿਕ ਸਰਵੇ ਵੀ ਕਰਵਾਏ ਗਏ ਸਨ। ਪਰ ਹੁਣ ਤਕ ਕੁਝ ਕੁ ਪਰਿਵਾਰਾਂ ਨੂੰ ਹੀ ਪੱਕੇ ਮਕਾਨ ਮਿਲੇ ਹਨ।

ਕਈਆਂ ਦਾ ਕਹਿਣਾ ਹੈ ਕਿ ਜਦੋਂ ਪ੍ਰਸ਼ਾਸਨ ਵੱਲੋਂ ਬਾਇਓਮੈਟ੍ਰਿਕ ਸਰਵੇ ਕਰਵਾਏ ਗਏ ਸਨ ਤਾਂ ਉਹ ਮੌਜੂਦ ਨਹੀਂ ਸਨ ਇਸ ਦੇ ਲਈ ਉਹਨਾਂ ਦਾ ਸਰਵੇ ਵੀ ਨਹੀਂ ਹੋ ਪਾਇਆ। ਇਸ ਦੇ ਨਾਲ ਹੀ ਕਈ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਬਾਇਓਮੈਟ੍ਰਿਕ ਸਰਵੇ ਹੋਣ ਦੇ ਬਾਵਜੂਦ ਵੀ ਮਕਾਨ ਨਹੀਂ ਮਿਲੇ ਹਨ। ਇਨ੍ਹਾਂ ਕਾਲੋਨੀਆਂ ਵਿੱਚ ਦੱਸ ਬਾਈ ਦੱਸ ਦੇ ਕੱਚੇ ਮਕਾਨ ਹਨ ਜਿਸ ਵਿੱਚ ਹੀ ਬਾਥਰੂਮ, ਰਸੋਈ ਅਤੇ ਸਿਰਫ ਸੌਣ ਲਈ ਹੀ ਥਾਂ ਹੈ ਤੇ ਐਨੇ ਛੋਟੇ ਘਰਾਂ ਵਿੱਚ ਪੰਜ - ਛੇ ਜਾਂ ਇਸ ਤੋਂ ਵੀ ਜ਼ਿਆਦਾ ਮੈਂਬਰ ਰਹਿ ਰਹੇ ਹਨ। ਇਨ੍ਹਾਂ ਗਰੀਬਾਂ ਲਈ ਤਾਂ ਇਹੀ ਮਕਾਨ ਇਨ੍ਹਾਂ ਦੇ ਆਸ਼ਿਆਨੇ ਹਨ।

ਦਸਵੀਂ ਕਲਾਸ ਵਿਚ ਪੜ੍ਹਦੇ ਵਿਦਿਆਰਥੀ ਦੀ ਇੱਕ ਮਾਂ ਨੇ ਦੱਸਿਆ ਕਿ ਜੇ ਸਾਨੂੰ ਘਰਾਂ ਚੋਂ ਉਜਾੜ ਦਿੱਤਾ ਜਾਵੇਗਾ ਤਾਂ ਸਾਡੇ ਬੱਚਿਆਂ ਦੀਆਂ ਦਸਵੀਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਹਨ ਇਸ ਵੇਲੇ ਅਸੀਂ ਉਨ੍ਹਾਂ ਨੂੰ ਲੈ ਕੇ ਕਿੱਥੇ ਜਾਵਾਂਗੇ। ਆਈ ਚਲਾਈ ਕਰਨ ਵਾਲੇ ਇਹਨਾਂ ਪਰਿਵਾਰਾਂ ਕੋਲ ਕਿਰਾਏ ਲਈ ਪੈਸੇ ਜਾਂ ਕੋਈ ਹੋਰ ਵਸੀਲਾ ਵੀ ਨਹੀਂ। 

ਕਾਲੋਨੀ ਵਾਲਿਆਂ ਨੇ ਇਕਸੁਰ ਕਿਹਾ ਜੇ ਪ੍ਰਸ਼ਾਸਨ ਸਾਡੇ ਮਕਾਨ ਖਾਲੀ ਕਰਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਬਦਲੇ ਵਿੱਚ ਕਿਤੇ ਹੋਰ ਰਹਿਣ ਦੇ ਲਈ ਥਾਂ ਦਿੱਤੀ ਜਾਵੇ। ਇਸ ਮੌਕੇ ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਨਹੀਂ ਤਾਂ ਫਿਰ ਪ੍ਰਸ਼ਾਸਨ ਇਨ੍ਹਾਂ ਕੱਚੇ ਮਕਾਨਾਂ ਦੇ ਨਾਲ ਨਾਲ ਉਹਨਾਂ ਉੱਪਰ ਵੀ ਬਲਡੋਜ਼ਰ ਚਲਾ ਦੇਵੇ।