ਖ਼ਤਰੇ 'ਚ ਟਵਿੱਟਰ ਦੇ CEO ਪਰਾਗ ਅਗਰਵਾਲ ਦੀ ਕੁਰਸੀ! ਦਿਤਾ ਸੀ ਐਲਨ ਮਸਕ ਵਿਰੁੱਧ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੇਕਓਵਰ ਤੋਂ ਬਾਅਦ ਟਵਿਟਰ ਦੇ ਸੀਈਓ ਨੂੰ ਹਟਾ ਸਕਦੀ ਹੈ ਕੰਪਨੀ ਪਰ ਦੇਣੇ ਪੈਣਗੇ 321 ਕਰੋੜ ਰੁਪਏ 

Twitter

ਨਵੀਂ ਦਿੱਲੀ : ਐਲਨ ਮਸਕ ਵੱਲੋਂ ਟਵਿੱਟਰ ਖ਼ਰੀਦਣ ਤੋਂ ਬਾਅਦ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਰਾਗ ਅਗਰਵਾਲ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਰਾਗ ਨੇ ਟਵਿਟਰ ਦੀ ਵਿਕਰੀ ਤੋਂ ਬਾਅਦ ਕਰਮਚਾਰੀਆਂ ਨੂੰ ਕਿਹਾ ਹੈ ਕਿ ਮਸਕ ਦੀ ਅਗਵਾਈ 'ਚ ਟਵਿੱਟਰ ਦਾ ਭਵਿੱਖ ਹਨੇਰੇ 'ਚ ਹੈ। ਕੋਈ ਨਹੀਂ ਜਾਣਦਾ ਕਿ ਕੰਪਨੀ ਹੁਣ ਕਿਸ ਦਿਸ਼ਾ ਵੱਲ ਜਾ ਰਹੀ ਹੈ।

ਦੱਸ ਦੇਈਏ ਕਿ ਪਰਾਗ ਨੇ ਨਵੰਬਰ 2021 ਵਿੱਚ ਟਵਿੱਟਰ ਦੇ ਸੀਈਓ ਦਾ ਅਹੁਦਾ ਸੰਭਾਲਿਆ ਸੀ। ਰਿਸਰਚ ਫਰਮ ਦੀ ਰਿਪੋਰਟ ਮੁਤਾਬਕ ਜੇਕਰ ਪਰਾਗ ਨੂੰ 12 ਮਹੀਨੇ ਪਹਿਲਾਂ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਕੰਪਨੀ ਨੂੰ ਉਨ੍ਹਾਂ ਨੂੰ 42 ਮਿਲੀਅਨ ਡਾਲਰ ਯਾਨੀ 321 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਜੇ ਪਰਾਗ ਨੂੰ ਕੰਪਨੀ 'ਚ ਸੀਈਓ ਦੇ ਅਹੁਦੇ 'ਤੇ ਆਏ 5 ਮਹੀਨੇ ਹੀ ਹੋਏ ਹਨ। ਨਵੰਬਰ ਵਿੱਚ ਜੈਕ ਡੋਰਸੀ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਨੂੰ ਸੀਈਓ ਨਿਯੁਕਤ ਕੀਤਾ ਗਿਆ ਸੀ। 

ਪਰਾਗ ਨੇ ਇਕ ਟਵੀਟ 'ਚ ਆਪਣੀ ਟੀਮ ਦੇ ਕੰਮ ਦੀ ਤਾਰੀਫ ਵੀ ਕੀਤੀ ਹੈ ਪਰ ਉਨ੍ਹਾਂ ਵਲੋਂ ਦਿਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਉਨ੍ਹਾਂ ਦੇ ਟਵਿਟਰ ਛੱਡਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਜ਼ ਪਰਾਗ ਬਾਰੇ ਮੀਮਜ਼ ਵੀ ਸ਼ੇਅਰ ਕਰ ਰਹੇ ਹਨ।

ਟਵਿਟਰ ਵਿਕਣ ਤੋਂ ਬਾਅਦ ਪਰਾਗ ਨੇ ਕੀ ਕਿਹਾ?
ਮਸਕ ਦੁਆਰਾ ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਪਰਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ - ਟਵਿੱਟਰ ਪੂਰੀ ਦੁਨੀਆ ਵਿੱਚ ਢੁਕਵਾਂ ਅਤੇ ਪ੍ਰਭਾਵਸ਼ਾਲੀ ਹੈ। ਮੈਨੂੰ ਆਪਣੀ ਟੀਮ 'ਤੇ ਮਾਣ ਹੈ। ਪਰਾਗ ਪਿਛਲੇ 10 ਸਾਲਾਂ ਤੋਂ ਟਵਿੱਟਰ ਨਾਲ ਜੁੜੇ ਹੋਏ ਹਨ ਅਤੇ ਸੀਈਓ ਬਣਨ ਤੋਂ ਪਹਿਲਾਂ ਉਹ ਮੁੱਖ ਤਕਨੀਕੀ ਅਧਿਕਾਰੀ ਦੇ ਤੌਰ 'ਤੇ ਕੰਮ ਕਰ ਰਹੇ ਸਨ।

ਦੱਸਣਯੋਗ ਹੈ ਕਿ ਪਰਾਗ ਅਗਰਵਾਲ, ਜਿਸ ਨੇ ਆਈਆਈਟੀ ਬੰਬੇ ਤੋਂ ਪੜ੍ਹਾਈ ਕੀਤੀ, ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਵੀ ਕੀਤੀ ਹੈ। ਟਵਿੱਟਰ ਨੇ ਐਡਮ ਮੇਸੀਅਰ ਦੀ ਥਾਂ 'ਤੇ 2018 ਵਿੱਚ ਉਨ੍ਹਾਂ ਨੂੰ ਚੀਫ ਟੈਕਨਾਲੋਜੀ ਅਫ਼ਸਰ ਨਿਯੁਕਤ ਕੀਤਾ। ਟਵਿਟਰ ਤੋਂ ਪਹਿਲਾਂ ਪਰਾਗ ਮਾਈਕ੍ਰੋਸਾਫਟ ਰਿਸਰਚ ਅਤੇ ਯਾਹੂ ਨਾਲ ਕੰਮ ਕਰਦੇ ਸਨ।