ਛੱਤੀਸਗੜ੍ਹ 'ਚ ਮਾਓਵਾਦੀ ਹਮਲਾ, 10 ਪੁਲਿਸ ਮੁਲਾਜ਼ਮ ਸ਼ਹੀਦ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ
ਛੱਤੀਸਗੜ੍ਹ - ਅੱਜ ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਹੋਏ ਨਕਸਲੀ ਹਮਲੇ 'ਚ 10 ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (DRG) ਯੂਨਿਟ ਨਾਲ ਸਬੰਧਤ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਵਾਹਨ ਦਾ ਡਰਾਈਵਰ ਵੀ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੀ ਟੀਮ ਮੀਂਹ ਵਿਚ ਫਸੇ ਸੁਰੱਖਿਆ ਬਲਾਂ ਨੂੰ ਬਚਾਉਣ ਲਈ ਜਾ ਰਹੀ ਸੀ।
ਇਸ ਦੌਰਾਨ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ। ਇਹ ਹਮਲਾ ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ਦੇ ਅਧੀਨ ਅਰਨਪੁਰ-ਸਮੇਲੀ ਵਿਚਕਾਰ ਹੋਇਆ। ਸੂਤਰਾਂ ਮੁਤਾਬਕ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਵੀ ਹੋਈ ਹੈ। ਇਸ ਮੁਕਾਬਲੇ ਦੌਰਾਨ ਮਾਓਵਾਦੀਆਂ ਨੇ ਗੱਡੀ 'ਤੇ ਬੰਬ ਸੁੱਟਿਆ ਤੇ ਗੱਡੀ ਦੇ ਪਰਖੱਚੇ ਉੱਡ ਗਏ ਤੇ ਸੜਕ 'ਤੇ ਵੀ ਡੂੰਘਾ ਖੱਡਾ ਪੈ ਗਿਆ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਨਕਸਲੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।
ਬੀਜਾਪੁਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਮੰਡਵੀ ਦੇ ਕਾਫ਼ਲੇ 'ਤੇ ਇੱਕ ਹਫ਼ਤਾ ਪਹਿਲਾਂ ਮਾਓਵਾਦੀਆਂ ਨੇ ਹਮਲਾ ਕੀਤਾ ਸੀ।
ਜਿਸ ਗੱਡੀ ਵਿਚ ਜ਼ਿਲ੍ਹਾ ਪੰਚਾਇਤ ਮੈਂਬਰ ਪਾਰਵਤੀ ਕਸ਼ਯਪ ਬੈਠੀ ਸੀ, ਉਸ 'ਤੇ ਗੋਲੀਆਂ ਲੱਗੀਆਂ। ਹਰ ਕੋਈ ਸੁਰੱਖਿਅਤ ਹੈ। ਵਿਧਾਇਕ ਵਿਕਰਮ ਮੰਡਵੀ, ਜ਼ਿਲ੍ਹਾ ਪੰਚਾਇਤ ਮੈਂਬਰ ਕਾਂਗਰਸੀ ਆਗੂਆਂ ਨਾਲ ਗੰਗਲੂਰ ਗਏ ਸਨ। ਮੰਗਲਵਾਰ ਨੂੰ ਇੱਥੋਂ ਦੇ ਹਫ਼ਤਾਵਾਰੀ ਹਾਟ ਬਾਜ਼ਾਰ ਵਿਚ ਨੁੱਕੜ ਸਭਾ ਦਾ ਆਯੋਜਨ ਕੀਤਾ ਗਿਆ। ਵਾਪਸ ਪਰਤਦੇ ਸਮੇਂ ਪਡੇਦਾ ਪਿੰਡ ਦੇ ਕੋਲ ਨਕਸਲੀਆਂ ਨੇ ਚੱਲਦੇ ਵਾਹਨਾਂ 'ਤੇ ਗੋਲੀਬਾਰੀ ਕੀਤੀ।
3 ਅਪ੍ਰੈਲ 2021 ਨੂੰ ਬੀਜਾਪੁਰ ਜ਼ਿਲ੍ਹੇ ਦੇ ਤਰੇਮ ਥਾਣਾ ਖੇਤਰ ਦੇ ਟੇਕਲਗੁੜਾ 'ਚ ਹੋਏ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋ ਗਏ ਸਨ ਅਤੇ 35 ਤੋਂ ਵੱਧ ਜ਼ਖਮੀ ਹੋ ਗਏ ਸਨ। ਉਸ 'ਤੇ 350 ਤੋਂ 400 ਨਕਸਲੀਆਂ ਨੇ ਹਮਲਾ ਕੀਤਾ ਸੀ। ਇਨ੍ਹਾਂ ਵਿਚ ਮਾਓਵਾਦੀਆਂ ਦੇ ਵੱਡੇ ਕਾਡਰਾਂ ਦੇ ਆਗੂ ਵੀ ਮੌਜੂਦ ਸਨ। ਜਵਾਨਾਂ 'ਤੇ ਵੱਡੀ ਮਾਤਰਾ 'ਚ ਬੀ.ਜੀ.ਐੱਲ (ਬੈਰਲ ਗ੍ਰੇਨੇਡ ਲਾਂਚਰ) ਦਾਗੇ ਗਏ।
ਇਸ ਦੇ ਨਾਲ ਹੀ ਡੀਆਰਜੀ, ਸੀਆਰਪੀਐਫ, ਕੋਬਰਾ ਬਟਾਲੀਅਨ ਦੇ ਜਵਾਨਾਂ ਤੋਂ ਹਥਿਆਰ ਵੀ ਲੁੱਟੇ ਗਏ। ਕੋਬਰਾ ਦੇ ਜਵਾਨ ਰਾਕੇਸ਼ਵਰ ਸਿੰਘ ਮਿਨਹਾਸ ਨੂੰ ਅਗਵਾ ਕਰ ਲਿਆ ਗਿਆ ਸੀ। ਜਵਾਨਾਂ ਕੋਲੋਂ ਹਥਿਆਰ ਵੀ ਲੁੱਟ ਲਏ ਗਏ। ਇਸ ਮੁਕਾਬਲੇ ਵਿਚ ਨਕਸਲੀਆਂ ਨੇ ਆਪਣੇ ਟੀ.ਸੀ.ਓ.ਸੀ. ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿਚ ਜਵਾਨ ਰਾਕੇਸ਼ਵਰ ਸਿੰਘ ਨੂੰ ਮਾਓਵਾਦੀਆਂ ਨੇ ਰਿਹਾਅ ਕਰ ਦਿੱਤਾ।