ਆਰਥਕ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਨੇ ਟੀ.ਵੀ. ਕਲਾਕਾਰ
ਦੋ ਮਹੀਨਿਆਂ ਤੋਂ ਦੇਸ਼ ਅੰਦਰ ਚਲ ਰਹੀ ਤਾਲਾਬੰਦੀ ਦੇ ਅਸਰ ਤੋਂ ਟੈਲੀਵਿਜ਼ਨ ਕਲਾਕਾਰ ਵੀ ਬੱਚ ਨਹੀਂ ਸਕੇ।
ਮੁੰਬਈ, 25 ਮਈ: ਦੋ ਮਹੀਨਿਆਂ ਤੋਂ ਦੇਸ਼ ਅੰਦਰ ਚਲ ਰਹੀ ਤਾਲਾਬੰਦੀ ਦੇ ਅਸਰ ਤੋਂ ਟੈਲੀਵਿਜ਼ਨ ਕਲਾਕਾਰ ਵੀ ਬੱਚ ਨਹੀਂ ਸਕੇ। ਕਈ ਆਰਥਕ ਤੰਗੀ ਨਾਲ ਜੂਝ ਰਹੇ ਹਨ ਤਾਂ ਕੁੱਝ ਤਣਾਅ ਅਤੇ ਖ਼ੁਦਕੁਸ਼ੀ ਦੇ ਵਿਚਕਾਰ ਆਉਣ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਬਕਾਇਆ ਰਕਮ ਮਿਲਣ ਲਈ ਉਡੀਕ ਇਸ ਉਦਯੋਗ 'ਚ 90 ਦਿਨਾਂ ਅੰਦਰ ਭੁਗਤਾਨ ਕਰਨ ਦੇ ਨਿਯਮ ਤੋਂ ਵੀ ਅੱਗੇ ਚਲੀ ਗਈ ਹੈ ਅਤੇ ਸ਼ੂਟਿੰਗ ਵੀ ਰੋਕ ਦਿਤੀ ਗਈ ਹੈ ਜਾਂ ਰੱਦ ਕਰ ਦਿਤੀ ਗਈ ਹੈ।
ਟੈਲੀਵਿਜ਼ਨ ਅਦਾਕਾਰ ਜ਼ਾਨ ਖ਼ਾਨ ਨੇ ਕਿਹਾ, ''ਮੈਂ ਸਾਡੇ ਸਾਰਿਆਂ ਲਈ ਬਹੁਤ ਡਰਿਆ ਹੋਇਆ ਹਾਂ।'' ਅਪਣੇ ਅਤੇ ਅਪਣੇ ਸਾਥੀਆਂ ਲਈ ਉਨ੍ਹਾਂ ਦਾ ਇਹ ਡਰ ਗਲੈਮਰ ਉਦਯੋਗ ਦੀ ਕੌੜੀ ਸੱਚਾਈ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੀ ਇਸ ਚਿੰਤਾ ਪ੍ਰਤੀ ਕਈ ਅਦਾਕਾਰਾਂ ਨੇ ਸਹਿਮਤੀ ਪ੍ਰਗਟਾਈ ਹੈ। ਟੀ.ਵੀ. ਲੜੀਵਾਰਾਂ ਨੂੰ ਚਲਾਉਣ ਲਈ ਇਨ੍ਹਾਂ ਕਲਾਕਾਰਾਂ ਨੂੰ ਦਿਨ 'ਚ 12-15 ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਬਗ਼ੈਰ ਆਮਦਨ ਤੋਂ ਮੁੰਬਈ ਵਰਗੇ ਮਹਿੰਗੇ ਸ਼ਹਿਰ 'ਚ ਕਿਸਤਾਂ, ਕਿਰਾਇਆ, ਭੋਜਨ ਆਦਿ ਦੇ ਖ਼ਰਚੇ ਚੁਕਾਣਾ ਨਾਮੁਮਕਿਨ ਜਿਹਾ ਹੋ ਗਿਆ ਹੈ।
ਇਨ੍ਹਾਂ ਕਲਾਕਾਰਾਂ ਦੀ ਚਿੰਤਾ ਉਦੋਂ ਵੱਧ ਗਈ ਜਦੋਂ 15 ਮਈ ਨੂੰ 'ਆਦਤ ਸੇ ਮਜਬੂਰ' ਦੇ ਅਦਾਕਾਰ ਮਨਮੀਤ ਗਰੇਵਾਲ ਨੇ ਅਪਣੇ ਮੁੰਬਈ ਸਥਿਤ ਘਰ 'ਚ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਦੋਸਤ ਅਤੇ ਨਿਰਮਾਤਾ ਮਨਜੀਤ ਸਿੰਘ ਰਾਜਪੂਤ ਨੇ ਦਸਿਆ ਕਿ 32 ਵਰ੍ਹਿਆਂ ਦਾ ਇਹ ਅਦਾਕਾਰ ਆਰਥਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਤਣਾਅ 'ਚ ਵੀ ਸੀ।
ਜੌਨ ਨੇ ਕਿਹਾ ਕਿ ਉਸ ਦੇ ਸ਼ੋਅ 'ਹਮਾਰੀ ਬਹੂ ਸਿਲਕ' ਦੇ ਇਕ ਸਾਥੀ ਅਦਾਕਾਰ ਨੇ ਵੀ ਬਕਾਇਆ ਤਨਖ਼ਾਹ ਨਾ ਮਿਲਣ ਕਰ ਕੇ ਖ਼ੁਦਕੁਸ਼ੀ ਕਰਨ ਦੀ ਸੋਚੀ ਸੀ। ਜ਼ੀ ਟੀ.ਵੀ. ਦੇ ਇਕ ਸ਼ੋਅ ਦੇ ਕਲਾਕਾਰਾਂ ਅਤੇ ਹੋਰ ਮੁਲਾਜ਼ਮਾਂ ਨੇ ਕਿਹਾ ਕਿ ਉਹ ਲਗਭਗ ਇਕ ਸਾਲ ਤੋਂ ਅਪਣਾ ਬਕਾਇਆ ਲੈਣ ਲਈ ਸੰਘਰਸ਼ ਕਰ ਰਹੇ ਹਨ। (ਪੀਟੀਆਈ)
36 ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਹੋਣ ਮਗਰੋਂ ਚੈਨਲ ਦੀ ਬਿਲਡਿੰਗ ਸੀਲ
ਨੋਇਡਾ, 25 ਮਈ: ਨੋਇਡਾ ਦੇ ਸੈਕਟਰ 16-ਏ 'ਚ ਸਥਿਤ ਇਕ ਚੈਨਲ 'ਚ ਕੰਮ ਕਰਨ ਵਾਲੇ 36 ਮੁਲਾਜ਼ਮ 15 ਮਈ ਤੋਂ 24 ਮਈ ਵਿਚਕਾਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਇਸ ਤੋਂ ਬਾਅਦ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਉਕਤ ਚੈਨਲ ਦੇ ਸੈਕਟਰ-16ਏ ਸਥਿਤ ਦਫ਼ਤਰ ਨੂੰ ਸੀਲ ਕਰ ਦਿਤਾ। 15 ਵਿਅਕਤੀ ਨੋਇਡਾ ਦੇ ਰਹਿਣ ਵਾਲੇ ਹਨ ਜਦਕਿ 13 ਜਣੇ ਨੋਇਡਾ ਤੋਂ ਬਾਹਰ ਦੇ ਹਨ। ਸਾਰੇ ਮੁਲਾਜ਼ਮ ਚੈਨਲ ਦੀ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ।