ਰੇਲ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਰੇਲਵੇ ਭਵਨ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲ ਭਵਨ ਵਿਚ ਇਕ ਹੋਰ ਕਰਮਚਾਰੀ ਦੇ ਕੋਵਿਡ 19 ਪੀੜਤ ਮਿਲਿਆ ਹੈ।

File Photo

ਨਵੀਂ ਦਿੱਲੀ, 25 ਮਈ : ਰੇਲ ਭਵਨ ਵਿਚ ਇਕ ਹੋਰ ਕਰਮਚਾਰੀ ਦੇ ਕੋਵਿਡ 19 ਪੀੜਤ ਮਿਲਿਆ ਹੈ।  ਕਰਮਚਾਰੀ ਦੇ ਪੀੜਤ ਮਿਲਣ ਤੋਂ ਬਾਅਦ ਇਕ ਵਾਰ ਮੁੜ ਰੇਲ ਭਵਨ ਨੂੰ ਅਗਲੇ ਦੋ ਦਿਨਾਂ ਮੰਗਲਵਾਰ ਅਤੇ ਬੁੱਧਵਾਰ ਲਈ ਬੰਦ ਕਰ ਦਿਤਾ ਗਿਆ ਹੈ। ਰੇਲਵੇ ਹੈੱਡਕੁਆਰਟਰ ਦੀ ਇਸ ਇਮਾਰਤ ਵਿਚ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਕੋਵਿਡ -19 ਦਾ ਇਹ ਪੰਜਵਾਂ ਮਾਮਲਾ ਹੈ। ਸੂਤਰਾਂ ਨੇ ਦਸਿਆ ਕਿ ਚੌਥੇ ਦਰਜੇ ਦਾ ਇਕ ਕਰਮਚਾਰੀ ਜੋ 19 ਮਈ ਤਕ ਦਫ਼ਤਰ ਆਇਆ ਸੀ, ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ। ਰੇਲ ਭਵਨ ਵਿਚ ਉਸ ਦੇ ਸੰਪਰਕ ਵਿਚ ਆਏ ਨੌਂ ਲੋਕਾਂ ਨੂੰ ਵਖਰੇ ਘਰਾਂ ਵਿਚ ਭੇਜਿਆ ਗਿਆ ਹੈ।

ਇਸ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਚੌਥੇ ਦਰਜੇ ਦੇ ਇਕ ਕਰਮਚਾਰੀ ਦਾ ਕੰਮ ਇਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਕੋਲ ਫ਼ਾਈਲਾਂ ਲੈ ਜਾਣਾ ਹੁੰਦਾ ਹੈ ਅਤੇ ਇਸ ਤਰ੍ਹਾਂ ਉਹ ਦਿਨ ਵਿਚ ਕਈ ਲੋਕਾਂ ਦੇ ਸੰਪਰਕ ਵਿਚ ਆਉਂਦਾ ਹੈ। ਇਹ ਫ਼ਾਈਲਾਂ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਰੇਲ ਮੰਤਰੀ ਤਕ ਵੀ ਜਾ ਸਕਦੀਆਂ ਹਨ। ਇਸ ਤਰ੍ਹਾਂ ਲਾਗ ਫੈਲ ਜਾਂਦੀ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਅਤੇ ਰੇਲਵੇ ਹੈੱਡਕੁਆਰਟਰ ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਚੌਥਾ ਕੇਸ ਸੀ। ਸਬੰਧਤ ਉੱਚ ਅਧਿਕਾਰੀ ਆਖ਼ਰੀ ਵਾਰ 20 ਮਈ ਨੂੰ ਕੰਮ ਉਤੇ ਆਇਆ ਸੀ। ਉਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਘਟੋ ਘੱਟ 14 ਅਧਿਕਾਰੀਆਂ ਨੂੰ ਵਖਰੇ ਤੌਰ ’ਤੇ ਘਰ ਭੇਜਿਆ ਗਿਆ ਹੈ।

ਅਧਿਕਾਰੀਆਂ ਨੇ ਦਸਿਆ ਕਿ ਨਵੇਂ ਕੇਸ ਤੋਂ ਪਹਿਲਾਂ 22 ਮਈ ਨੂੰ ਇਕ ਹੋਰ ਸੀਨੀਅਰ ਅਧਿਕਾਰੀ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਸੀ। ਇਹ ਅਧਿਕਾਰੀ ਰੇਲਵੇ ਡਿਫ਼ੈਂਸ ਫ਼ੋਰਸ (ਆਰਪੀਐਫ) ਸੇਵਾ ਦੇ ਕੇਡਰ ਪੁਨਰਗਠਨ ’ਤੇ ਕੰਮ ਕਰ ਰਿਹਾ ਸੀ। ਉਸ ਨੂੰ ਆਖ਼ਰੀ ਵਾਰ 13 ਮਈ ਨੂੰ ਵੇਖਿਆ ਗਿਆ ਸੀ ਅਤੇ ਉਸੇ ਦਿਨ ਇਕ ਜੂਨੀਅਰ ਆਰਪੀਐਫ਼ ਅਧਿਕਾਰੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਰੇਲਵੇ ਅਧਿਕਾਰੀ ਦੀ ਰਿਹਾਇਸ਼ ਦਿੱਲੀ ਦੇ ਰਾਸ਼ਟਰਮੰਡਲ ਖੇਡਾਂ ਵਿਲੇਜ਼ ਅਪਾਰਟਮੈਂਟ ਵਿਚ ਹੈ ਜਿਥੇ ਬਹੁਤ ਸਾਰੇ ਸੀਨੀਅਰ ਰੇਲਵੇ ਅਧਿਕਾਰੀ ਰਹਿੰਦੇ ਹਨ। (ਏਜੰਸੀ)