5 ਸਾਲ ਦਾ ਇਕੱਲਾ ਬੱਚਾ ਹਵਾਈ ਸਫ਼ਰ ਕਰ ਕੇ ਬੰਗਲੁਰੂ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਚੱਲ ਰਹੀ ਤਾਲਾਬੰਦੀ ਦੌਰਾਨ ਕਈ ਪਰਵਾਰ ਇਕ ਦੂਜੇ ਤੋਂ ਦੂਰ ਰਹਿਣ ਨੂੰ ਵੀ ਮਜਬੂਰ ਹੋ ਗਏ ਸਨ।

File Photo

ਬੰਗਲੁਰੂ, 25 ਮਈ : ਦੇਸ਼ ’ਚ ਚੱਲ ਰਹੀ ਤਾਲਾਬੰਦੀ ਦੌਰਾਨ ਕਈ ਪਰਵਾਰ ਇਕ ਦੂਜੇ ਤੋਂ ਦੂਰ ਰਹਿਣ ਨੂੰ ਵੀ ਮਜਬੂਰ ਹੋ ਗਏ ਸਨ। ਦੋ ਮਹੀਨੇ ਬਾਅਦ ਦੇਸ਼ ’ਚ ਘਰੇਲੂ ਉਡਾਣਾਂ ਸ਼ੁਰੂ ਹੋਣ ਨਾਲ ਕਈ ਲੋਕ ਹੁਣ ਸੁਖ ਦਾ ਸਾਹ ਲੈ ਸਕਣਗੇ। ਅੱਜ ਦਿੱਲੀ ਏਅਰਪੋਰਟ ਤੋਂ ਇਕ ਪੰਜ ਸਾਲ ਦੇ ਬੱਚੇ ਨੇ ਵੀ ਅਪਣੇ ਪਰਵਾਰ ਤੱਕ ਪਹੁੰਚਣ ਲਈ ਬੰਗਲੁਰੂ ਤਕ ਦਾ ਸਫ਼ਰ ਕੀਤਾ। ਖ਼ਾਸ ਗੱਲ ਇਹ ਸੀ ਕਿ ਉਹ ਇਕੱਲਾ ਹੀ ਸਫ਼ਰ ਕਰ ਰਿਹਾ ਸੀ। ਵਿਹਾਨ ਸ਼ਰਮਾ ਨੂੰ ਉਸ ਦੇ ਮਾਪੇ ਤਿੰਨ ਮਹੀਨੇ ਪਹਿਲਾਂ ਉਸ ਦੇ ਦਾਦਾ ਦਾਦੀ ਕੋਲ ਛੱਡ ਕੇ ਵਾਪਸ ਚਲੇ ਗਏ ਸਨ ਜਿਸ ਤੋਂ ਬਾਅਦ ਦੇਸ਼ ਵਿਚ ਤਾਲਾਬੰਦੀ ਸ਼ੁਰੂ ਹੋ ਗਈ।

ਵਿਹਾਨ ਦੀ ਮਾਂ ਮੰਜਰੀ ਸ਼ਰਮਾ ਨੇ ਦਸਿਆ ਕਿ ਵਿਹਾਨ ਅਪਣੇ ਦਾਦਾ ਦਾਦੀ ਕੋਲ ਹੀ ਸੀ। ਸੋਮਵਾਰ ਨੂੰ ਹਵਾਈ ਯਾਤਰਾ ਸ਼ੁਰੂ ਹੁੰਦਿਆਂ ਹੀ ਉਸ ਦੀ ਟਿਕਟ ਬੁੱਕ ਕਰਵਾਈ ਗਈ। ਵਿਹਾਨ ਨੂੰ ਲੈਣ ਉਸ ਦੀ ਮਾਂ ਏਅਰਪੋਰਟ ਪਹੁੰਚੀ। ਵਿਹਾਨ ਨੂੰ ਫ਼ਲਾਈਟ ਸਟਾਫ਼ ਨੇ ਉਨ੍ਹਾਂ ਤਕ ਪਹੁੰਚਾਇਆ। ਵਿਹਾਨ ਨੂੰ ਦੇਖਦੇ ਹੀ ਮੰਜਰੀ ਦੀਆਂ ਅੱਖਾਂ ਭਰ ਆਈਆਂ ਪਰ ਸਾਵਧਾਨੀ ਨਾਲ ਉਨ੍ਹਾਂ ਨੇ ਵਿਹਾਨ ਨੂੰ ਗਲ ਨਹੀਂ ਲਾਇਆ।     (ਏਜੰਸੀ)