ਇਤਿਹਾਸਕ ਕਿਸਾਨੀ ਅੰਦੋਲਨ ਵਿਚ ਅੱਜ ਆਵੇਗਾ ਕਾਲੇ ਝੰਡਿਆਂ ਦਾ ਹੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਸ਼ਾਹ ਇੰਨਾ ਕਿ ਦੁਕਾਨਾਂ ’ਚੋਂ ਕਾਲੇ ਕਪੜੇ ਦੇ ਥਾਨਾਂ ਦੇ ਥਾਨ ਤਕ ਮੁੱਕ ਗਏ, ਪਿੰਡਾਂ ’ਚ ਘਰ-ਘਰ ਕਿਸਾਨ ਪਰਵਾਰਾਂ ਦੀਆਂ ਔਰਤਾਂ ਨੇ ਕੀਤੀ ਝੰਡਿਆਂ ਦੀ ਸਿਲਾਈ

Farmer protest

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਇਤਿਹਾਸਕ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਜਾਣ ’ਤੇ 26 ਮਈ ਨੂੰ ਮੋਦੀ ਸਰਕਾਰ ਵਿਰੁਧ ਦਿਤੇ ਗਏ ਕਾਲਾ ਦਿਵਸ ਮਨਾਉਣ ਦੇ ਸੱਦੇ ਦੀਆਂ ਵੱਡੀ ਪੱਧਰ ’ਤੇ ਹੋਈਆਂ ਤਿਆਰੀਆਂ ਤੇ ਮਿਲ ਰਹੇ ਸਮਰਥਨ ਨੂੰ ਵੇਖੀਏ ਤਾਂ 26 ਮਈ ਨੂੰ ਕਿਸਾਨੀ ਅੰਦੋਲਨ ’ਚ ਕਾਲੇ ਝੰਡਿਆਂ ਦਾ ਹੜ੍ਹ ਆਵੇਗਾ। ਭਾਵੇਂ ਹਰਿਆਣਾ ਤੇ ਯੂ.ਪੀ. ਵਰਗੇ ਰਾਜਾਂ ’ਚ ਵੀ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਪਰ ਪੰਜਾਬ ’ਚ ਇਹ ਐਕਸ਼ਨ ਵਿਸ਼ੇਸ਼ ਤੌਰ ’ਤੇ ਬੇਮਿਸਾਲ ਰਹੇਗਾ। 

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਮਿਲੀਆਂ ਰੀਪੋਰਟਾਂ ਮੁਤਾਬਕ ਕਿਸਾਨਾਂ ’ਚ ਕਾਲੇ ਝੰਡੇ ਲਹਿਰਾਉਣ ਲਈ ਇੰਨਾ ਉਤਸ਼ਾਹ ਹੈ ਕਿ ਕਪੜੇ ਦੀਆਂ ਦੁਕਾਨਾਂ ’ਚੋਂ ਕਾਲੇ ਕਪੜੇ ਦੇ ਥਾਨਾਂ ਦੇ ਥਾਨ ਤਕ ਹੱਥੋ-ਹੱਥ ਵਿਕਣ ਕਾਰਨ ਮੁੱਕ ਗਏ ਹਨ। ਪਿੰਡਾਂ ’ਚ ਘਰਾਂ ਅੰਦਰ ਕਿਸਾਨ ਪਰਵਾਰਾਂ ਨਾਲ ਸਬੰਧਤ ਔਰਤਾਂ ਨੇ ਕਾਲੇ ਝੰਡਿਆਂ ਨੂੰ ਡੰਡਿਆਂ ’ਚ ਪਾਉਣ ਲਈ ਸਿਲਾਈ ਕਰਨ ਦੇ ਕੰਮ ’ਚ ਅਹਿਮ ਯੋਗਦਾਨ ਪਾਇਆ ਹੈ। ਵੱਡੀ ਗਿਣਤੀ ’ਚ ਦਰਜ਼ੀ ਵੀ ਕਿਸਾਨਾਂ ਨੂੰ ਝੰਡਿਆਂ ਦੀ ਸਿਲਾਈ ਲਈ ਪੂਰਾ ਸਹਿਯੋਗ ਦੇ ਰਹੇ ਹਨ ਤੇ ਮੁਫ਼ਤ ਸਿਲਾਈ ਕੀਤੀ ਹੈ। 

26 ਮਈ ਨੂੰ ਪੰਜਾਬ ਦਾ ਕੋਈ ਪਿੰਡ ਜਾਂ ਸ਼ਹਿਰ ਨਹੀਂ ਹੋਵੇਗਾ, ਜਿਥੇ ਕਾਲੇ ਝੰਡੇ ਲਹਿਰਾਉਂਦੇ ਨਹੀਂ ਦਿਸਣਗੇ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ 26 ਮਈ ਨੂੰ ਹਰ ਘਰ, ਦੁਕਾਨ, ਟਰੈਕਟਰ, ਵਾਹਨਾਂ, ਦਫ਼ਤਰਾਂ ਤੇ ਸੰਸਥਾਵਾਂ ਤੋਂ ਇਲਾਵਾ ਖੇਤਾਂ ’ਚ ਵੀ ਕਾਲੇ ਝੰਡੇ ਲਹਿਰਾਉਣ ਦਾ ਸੱਦਾ ਦਿਤਾ ਹੈ। ਇਥੋਂ ਤਕ ਕਿ ਪੁਰਸ਼ਾਂ ਨੂੰ ਕਾਲੀਆਂ ਪੱਗਾਂ ਬੰਨ੍ਹਣ ਤੇ ਔਰਤਾਂ ਨੂੰ ਕਾਲੀਆਂ ਚੁੰਨੀਆਂ ਲੈ ਕੇ ਇਸ ਦਿਨ ਹੋਣ ਵਾਲੇ ਪ੍ਰਦਰਸ਼ਨਾਂ ’ਚ ਧਰਨਾ ਸਥਾਨਾਂ ’ਤੇ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ। ਇਥੋਂ ਤਕ ਕਿ ਇਸ ਦਿਨ ਕਾਲੀਆਂ ਐਨਕਾਂ ਲਾ ਕੇ ਵੀ ਕਾਲਾ ਦਿਵਸ ’ਚ ਅਪਣਾ ਹਿੱਸਾ ਪਾਉਣ ਦੀ ਗੱਲ ਆਖੀ ਗਈ ਹੈ।

ਜਿਸ ਤਰ੍ਹਾਂ ਭਾਜਪਾ ਨੂੰ ਛੱਡ ਹੋਰ ਸੱਭ ਸਿਆਸੀ ਦਲਾਂ ਤੇ  ਜਨਤਕ ਸੰਗਠਨਾਂ ਤੋਂ ਵੀ ਕਿਸਾਨਾਂ ਦੇ ਕਾਲੇ ਦਿਵਸ ਨੂੰ ਹਮਾਇਤ ਮਿਲੀ ਹੈ, ਉਸ ਨਾਲ ਇਹ ਐਕਸ਼ਨ ਵੀ ਕਿਸਾਨ ਮੋਰਚੇ ਦਾ ਇਕ ਯਾਦਗਾਰੀ ਤੇ ਇਤਿਹਾਸਕ ਐਕਸ਼ਨ ਬਣੇਗਾ। ਇਸ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ਦਾ ਅਗਲਾ ਪੜਾਅ ਸ਼ੁਰੂ ਹੋਣਾ ਹੈ, ਜਿਸ ਤੋਂ ਪਹਿਲਾਂ ਕਿਸਾਨ ਮੋਰਚੇ ਵਲੋਂ ਅਲਟੀਮੇਟਮ ਦੇ ਰੂਪ ’ਚ ਮੋਦੀ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨ ਲਈ ਚਿੱਠੀ ਵੀ ਲਿਖੀ ਜਾ ਚੁੱਕੀ ਹੈ।