ਪ੍ਰਧਾਨ ਮੰਤਰੀ ਮੋਦੀ ਦੀ ‘ਮੁਜਰਾ’ ਟਿਪਣੀ ਬਿਹਾਰ ਦਾ ਅਪਮਾਨ ਹੈ : ਖੜਗੇ
ਕਿਹਾ, ਇਹ ਚੋਣਾਂ ਅਸਲ ’ਚ ਜਨਤਾ ਬਨਾਮ ਮੋਦੀ ਹਨ, ਰਾਹੁਲ ਬਨਾਮ ਮੋਦੀ ਨਹੀਂ
ਸਾਸਾਰਾਮ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੁਜਰਾ’ ਟਿਪਣੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਟਿਪਣੀ ਕਰ ਕੇ ਬਿਹਾਰ ਦਾ ਅਪਮਾਨ ਕੀਤਾ ਹੈ।
ਸਾਸਾਰਾਮ ਲੋਕ ਸਭਾ ਹਲਕੇ ਤੋਂ ਕਾਂਗਰਸ ਆਗੂ ਅਤੇ ਮਹਾਗਠਜੋੜ ਦੇ ਉਮੀਦਵਾਰ ਮਨੋਜ ਕੁਮਾਰ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਸ਼ੁਕਰਵਾਰ ਨੂੰ ਬਿਹਾਰ ’ਚ ਇਕ ਚੋਣ ਰੈਲੀ ’ਚ ਵਿਰੋਧੀ ਨੇਤਾਵਾਂ ਲਈ ‘ਮੁਜਰਾ’ ਸ਼ਬਦ ਦੀ ਵਰਤੋਂ ਕੀਤੀ। ਮੋਦੀ ਜੀ ਨੇ ਇਸ ਸ਼ਬਦ ਦੀ ਵਰਤੋਂ ਕਰ ਕੇ ਬਿਹਾਰ ਦਾ ਅਪਮਾਨ ਕੀਤਾ ਹੈ। ਯਾਨੀ ਇੱਥੇ ਮੁਜਰਾ ਹੁੰਦਾ ਹੈ। ਇਹ ਬਿਹਾਰ ਅਤੇ ਇਸ ਦੇ ਵੋਟਰਾਂ ਦਾ ਅਪਮਾਨ ਹੈ।’’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਖ਼ੁਦ ਨੂੰ ‘ਤੀਸਮਾਰਖਾਂ’ ਮੰਨਦੇ ਹਨ। ਉਹ ਗਲਤ ਸੋਚਦੇ ਹਨ। ਲੋਕ ਅਸਲ ‘ਤੀਸਮਾਰਖਾਂ’ ਹਨ। ਉਹ (ਪ੍ਰਧਾਨ ਮੰਤਰੀ) ਇਕ ਤਾਨਾਸ਼ਾਹ ਹਨ। ਜੇਕਰ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਲੋਕਾਂ ਨੂੰ ਕੁੱਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੋਵੇਗੀ।’’
ਉਨ੍ਹਾਂ ਕਿਹਾ, ‘‘ਇਹ ਚੋਣਾਂ ਅਸਲ ’ਚ ਜਨਤਾ ਬਨਾਮ ਮੋਦੀ ਹਨ। ਰਾਹੁਲ ਬਨਾਮ ਮੋਦੀ ਨਹੀਂ।’’ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਦਾ ਸਤਿਕਾਰ ਕਰਦੇ ਹਨ ਪਰ ਮੋਦੀ ਕਾਂਗਰਸ ਨੇਤਾਵਾਂ ਦਾ ਸਨਮਾਨ ਨਹੀਂ ਕਰਦੇ।
ਖੜਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਗਰੀਬਾਂ ਨੂੰ ਨਹੀਂ ਬਲਕਿ ਅਮੀਰਾਂ ਨੂੰ ਗਲੇ ਲਗਾਉਂਦੇ ਹਨ। ਸਾਸਾਰਾਮ ਸਮੇਤ ਬਿਹਾਰ ਦੀਆਂ ਅੱਠ ਸੰਸਦੀ ਸੀਟਾਂ ’ਤੇ 1 ਜੂਨ ਨੂੰ ਵੋਟਾਂ ਪੈਣਗੀਆਂ।