Rain In Jodhpur : ਮੌਸਮ ਦਾ ਬਦਲਿਆ ਮਿਜ਼ਾਜ਼; ਜੋਧਪੁਰ 'ਚ ਤੇਜ਼ ਹਵਾਵਾਂ ਨਾਲ ਪਿਆ ਹਲਕਾ ਮੀਂਹ
ਤੇਜ਼ ਹਨੇਰੀ ਕਾਰਨ ਦਰੱਖਤ ਸੜਕ 'ਤੇ ਡਿੱਗ ਗਏ ਹਨ
Rain In Jodhpur : ਰਾਜਸਥਾਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਹੈ। ਅਸਮਾਨ ਤੋਂ ਬਰਸ ਰਹੀ ਅੱਗ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਅਜਿਹੇ 'ਚ ਰਾਜਸਥਾਨ ਦੇ ਜੋਧਪੁਰ 'ਚ ਅੱਜ ਦੁਪਹਿਰ ਬਾਅਦ ਤੇਜ਼ ਹਵਾਵਾਂ ਨਾਲ ਥੋੜਾ ਜਿਹਾ ਮੀਂਹ ਪਿਆ ਹੈ।
ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਅਤੇ ਤਾਪਮਾਨ 'ਚ ਵੀ ਕਮੀ ਆਈ ਹੈ। ਐਤਵਾਰ ਨੂੰ ਕੜਾਕੇ ਦੀ ਗਰਮੀ ਦੌਰਾਨ ਦੁਪਹਿਰ ਬਾਅਦ ਮੌਸਮ ਵਿੱਚ ਅਚਾਨਕ ਬਦਲਾਅ ਆਇਆ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਈ ਹੈ। ਤੇਜ਼ ਹਨੇਰੀ ਕਾਰਨ ਦਰੱਖਤ ਸੜਕ 'ਤੇ ਡਿੱਗ ਗਏ ਹਨ।
ਕਈ ਥਾਵਾਂ ਤੋਂ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਟੁੱਟਣ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਨੰਦਵਾਨ, ਸ਼ਿਕਾਰਪੁਰਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹਨੇਰੀ ਅਤੇ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਹੈ। ਤੂਫਾਨ ਤੋਂ ਬਾਅਦ ਇਲਾਕੇ 'ਚ ਬੱਤੀ ਗੁੱਲ ਹੋ ਗਈ ਹੈ।
ਦੱਸ ਦਈਏ ਕਿ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਸੀ, ਜਦੋਂ ਕਿ ਜੈਸਲਮੇਰ ਦੇ ਸਰਹੱਦੀ ਖੇਤਰ ਵਿੱਚ ਤਾਪਮਾਨ 55 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਹੀਟਵੇਵ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਸੀ। ਇਸ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ।