ਅਗਲੇ ਕਾਰਜਕਾਲ ’ਚ ਲਾਗੂ ਹੋਵੇਗਾ UCC ਅਤੇ ‘ਇਕ ਦੇਸ਼, ਇਕ ਚੋਣ’ : ਅਮਿਤ ਸ਼ਾਹ
ਕਿਹਾ, ਸਰਦੀਆਂ ਜਾਂ ਸਾਲ ਦੇ ਕਿਸੇ ਹੋਰ ਸਮੇਂ ਚੋਣਾਂ ਕਰਵਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ’ਚ ਆਉਂਦੀ ਹੈ ਤਾਂ ਸਾਰੇ ਹਿੱਤਧਾਰਕਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਅਗਲੇ ਪੰਜ ਸਾਲਾਂ ’ਚ ਪੂਰੇ ਦੇਸ਼ ਅੰਦਰ ਇਕਸਮਾਨ ਨਾਗਰਿਕ ਸੰਹਿਤਾ (ਯੂ.ਸੀ.ਸੀ.) ਲਾਗੂ ਕਰ ਦਿਤਾ ਜਾਵੇਗਾ। ਸ਼ਾਹ ਨੇ ‘ਪੀ.ਟੀ.ਆਈ. ਨਾਲ ਇਕ ਇੰਟਰਵਿਊ’ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਗਲੀ ਸਰਕਾਰ ਅਪਣੇ ਅਗਲੇ ਕਾਰਜਕਾਲ ’ਚ ‘ਇਕ ਦੇਸ਼, ਇਕ ਚੋਣ’ ਲਾਗੂ ਕਰੇਗੀ ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ’ਚ ਇਕੋ ਸਮੇਂ ਚੋਣਾਂ ਕਰਵਾਈਆਂ ਜਾਣ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਇਕੋ ਸਮੇਂ ਚੋਣਾਂ ਕਰਵਾਉਣ ਨਾਲ ਖਰਚੇ ਵੀ ਘੱਟ ਹੋਣਗੇ।
ਸਰਦੀਆਂ ਜਾਂ ਸਾਲ ਦੇ ਕਿਸੇ ਹੋਰ ਸਮੇਂ ਚੋਣਾਂ ਕਰਵਾਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਸ਼ਾਹ ਨੇ ਕਿਹਾ ਕਿ ਇਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇ ਅਸੀਂ ਕੋਈ ਚੋਣ ਪਹਿਲਾਂ ਕਰ ਦਿੰਦੇ ਹਾਂ, ਤਾਂ ਇਹ ਕੀਤਾ ਜਾ ਸਕਦਾ ਹੈ। ਅਜਿਹਾ ਵੀ ਕੀਤਾ ਜਾਣਾ ਚਾਹੀਦਾ ਹੈ। ਇਹ ਵਿਦਿਆਰਥੀਆਂ ਲਈ ਛੁੱਟੀਆਂ ਦਾ ਸਮਾਂ ਵੀ ਹੈ। ਇਹ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਕਰਦਾ ਹੈ। ਸਮੇਂ ਦੇ ਨਾਲ, ਚੋਣਾਂ (ਲੋਕ ਸਭਾ) ਹੌਲੀ-ਹੌਲੀ ਇਸ ਸਮੇਂ (ਗਰਮੀਆਂ ਦੌਰਾਨ) ’ਚ ਤਬਦੀਲ ਹੋ ਗਈਆਂ।’’
ਯੂਨੀਫਾਰਮ ਸਿਵਲ ਕੋਡ ਬਾਰੇ ਗੱਲ ਕਰਦਿਆਂ ਸ਼ਾਹ ਨੇ ਕਿਹਾ, ‘‘ਇਕਸਮਾਨ ਨਾਗਰਿਕ ਸੰਹਿਤਾ ਇਕ ਜ਼ਿੰਮੇਵਾਰੀ ਹੈ ਜੋ ਆਜ਼ਾਦੀ ਤੋਂ ਬਾਅਦ ਸਾਡੇ ਸੰਵਿਧਾਨ ਨਿਰਮਾਤਾਵਾਂ ਵਲੋਂ ਸਾਡੀ ਸੰਸਦ ਅਤੇ ਸਾਡੇ ਦੇਸ਼ ਦੀਆਂ ਰਾਜ ਵਿਧਾਨ ਸਭਾਵਾਂ ’ਤੇ ਛੱਡ ਦਿਤੀ ਗਈ ਹੈ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਤਰਾਖੰਡ ’ਚ ਇਕ ਪ੍ਰਯੋਗ ਕੀਤਾ ਹੈ ਕਿਉਂਕਿ ਉੱਥੇ ਬਹੁਮਤ ਵਾਲੀ ਸਰਕਾਰ ਹੈ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਰਾਜ ਦਾ ਵਿਸ਼ਾ ਹੈ ਅਤੇ ਕੇਂਦਰ ਦਾ ਵੀ।
ਦੇਸ਼ ਦੇ ਨੌਜੁਆਨਾਂ ਲਈ ਅਗਨੀਵੀਰ ਤੋਂ ਵੱਧ ਆਕਰਸ਼ਕ ਕੋਈ ਯੋਜਨਾ ਨਹੀਂ ਹੋ ਸਕਦੀ : ਅਮਿਤ ਸ਼ਾਹ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੌਜ ’ਚ ਭਰਤੀ ਲਈ ‘ਅਗਨੀਪਥ’ ਯੋਜਨਾ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਨੌਜੁਆਨਾਂ ਲਈ ਇਸ ਤੋਂ ਵੱਧ ਆਕਰਸ਼ਕ ਕੋਈ ਯੋਜਨਾ ਨਹੀਂ ਹੋ ਸਕਦੀ ਕਿਉਂਕਿ ਇਹ ਚਾਰ ਸਾਲ ਬਾਅਦ ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ ਨੂੰ ਹਥਿਆਰਬੰਦ ਬਲਾਂ ’ਚ ਪੂਰੇ ਸਮੇਂ ਦੀ ਸਰਕਾਰੀ ਨੌਕਰੀ ਦੀ ਗਰੰਟੀ ਦਿੰਦੀ ਹੈ।
ਇਕ ਇੰਟਰਵਿਊ ਵਿਚ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਲਈ ਅਫਸੋਸ ਹੈ, ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਥੋੜ੍ਹੀ ਮਿਆਦ ਦੀ ਭਰਤੀ ਯੋਜਨਾ ਨੂੰ ਖਤਮ ਕਰ ਦਿਤਾ ਜਾਵੇਗਾ। ਸ਼ਾਹ ਨੇ ਦਾਅਵਾ ਕੀਤਾ ਕਿ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋਣ ਵਾਲਿਆਂ ਲਈ ਨੌਕਰੀ ਦੇ ਮੌਕੇ ਉਨ੍ਹਾਂ ਦੀ ਗਿਣਤੀ ਨਾਲੋਂ ਢਾਈ ਗੁਣਾ ਵੱਧ ਹੋਣਗੇ ਕਿਉਂਕਿ ਉਨ੍ਹਾਂ ਲਈ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ’ਚ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਦੇਸ਼ ਦੇ ਨੌਜੁਆਨਾਂ ਲਈ ਅਗਨੀਵੀਰ ਤੋਂ ਵੱਧ ਆਕਰਸ਼ਕ ਕੋਈ ਯੋਜਨਾ ਨਹੀਂ ਹੋ ਸਕਦੀ। ਇਹ ਯੋਜਨਾ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆਂਦੀ ਗਈ ਹੈ।’’ ਸ਼ਾਹ ਨੇ ਕਿਹਾ ਕਿ ਥੋੜ੍ਹੀ ਮਿਆਦ ਦੀ ਭਰਤੀ ਯੋਜਨਾ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਔਸਤ ਉਮਰ ਨੂੰ ਵੀ ਘਟਾਏਗੀ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਰੱਖਿਆ ਬਲਾਂ ਦਾ ਤੁਲਨਾਤਮਕ ਅਧਿਐਨ ਦਰਸਾਉਂਦਾ ਹੈ ਕਿ ਭਾਰਤ ’ਚ ਔਸਤ ਜੀਵਨ ਸੰਭਾਵਨਾ ਬਹੁਤ ਜ਼ਿਆਦਾ ਹੈ।