ਜ਼ਿਮਨੀ ਚੋਣ ਨਤੀਜਾ : ਦਿੱਲੀ ਵਿਧਾਨ ਸਭਾ ਸੀਟ 'ਤੇ 'ਆਪ' ਦਾ ਕਬਜ਼ਾ ਬਰਕਰਾਰ
11 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ BJP ਨੂੰ ਹਰਾਇਆ
ਅਰਵਿੰਦ ਕੇਜਰੀਵਾਲ ਨੇ ਲੋਕਾਂ ਵਲੋਂ ਮਿਲੇ ਸਾਥ ਲਈ ਕੀਤਾ ਧੰਨਵਾਦ
ਨਵੀਂ ਦਿੱਲੀ : ਦਿੱਲੀ ਦੀ ਰਾਜਿੰਦਰ ਨਗਰ ਵਿਧਾਨ ਸਭਾ ਸੀਟ 'ਤੇ ਹੋਈਆਂ ਉਪ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਆਪਣਾ ਝੰਡਾ ਲਹਿਰਾਇਆ ਹੈ। 'ਆਪ' ਉਮੀਦਵਾਰ ਦੁਰਗੇਸ਼ ਪਾਠਕ 40319 ਵੋਟਾਂ ਨਾਲ ਜੇਤੂ ਰਹੇ, ਜਦਕਿ ਭਾਜਪਾ ਦੇ ਰਾਜੇਸ਼ ਭਾਟੀਆ 28851 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਇਸ ਦੇ ਨਾਲ ਹੀ ਕਾਂਗਰਸ ਕਾਫੀ ਜ਼ੋਰ ਲਾਉਣ ਦੇ ਬਾਵਜੂਦ 2014 ਵੋਟਾਂ ਹੀ ਹਾਸਲ ਕਰ ਸਕੀ।
ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਰਜਿੰਦਰ ਨਗਰ 'ਚ 'ਆਪ' ਨੇ ਝੰਡਾ ਬੁਲੰਦ ਕੀਤਾ ਹੈ। ਇਹ ਸੀਟ 'ਆਪ' ਵਿਧਾਇਕ ਰਾਘਵ ਚੱਢਾ ਦੇ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ 'ਤੇ 'ਆਪ', ਭਾਜਪਾ ਅਤੇ ਕਾਂਗਰਸ ਤੋਂ ਇਲਾਵਾ 11 ਹੋਰ ਉਮੀਦਵਾਰ ਸਨ, ਜਿਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਆਮ ਆਦਮੀ ਪਾਰਟੀ ਪਹਿਲੇ ਦੌਰ ਤੋਂ ਹੀ ਅੱਗੇ ਸੀ ਅਤੇ ਆਖਰੀ ਦਮ ਤੱਕ ਅੱਗੇ ਰਹੀ।
'ਆਪ' ਦੀ ਜਿੱਤ 'ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਰਾਜਿੰਦਰ ਨਗਰ ਦੇ ਲੋਕਾਂ ਦਾ ਦਿਲੋਂ ਧੰਨਵਾਦੀ ਹਾਂ, ਮੈਂ ਦਿੱਲੀ ਵਾਸੀਆਂ ਦੇ ਇਸ ਅਥਾਹ ਪਿਆਰ ਅਤੇ ਪਿਆਰ ਲਈ ਧੰਨਵਾਦੀ ਹਾਂ। ਇਹ ਸਾਨੂੰ ਹੋਰ ਮਿਹਨਤ ਕਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਲੋਕਾਂ ਨੇ ਉਨ੍ਹਾਂ ਦੀ ਗੰਦੀ ਰਾਜਨੀਤੀ ਨੂੰ ਹਰਾਇਆ ਅਤੇ ਸਾਡੇ ਚੰਗੇ ਕੰਮ ਦੀ ਸ਼ਲਾਘਾ ਕੀਤੀ। ਧੰਨਵਾਦ ਰਾਜਿੰਦਰ ਨਾਗਰ।