‘ਅਗਨੀਪਥ’ ਯੋਜਨਾ ਨੂੰ ਲੈ ਕੇ ਬੋਲੇ ਦੀਪੇਂਦਰ ਹੁੱਡਾ, ਕਿਹਾ- ਨਕਲਚੀ ਬਾਂਦਰ ਬਣੀ ਸਰਕਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਦੁਸਤਾਨ ’ਚ ਹਿੰਦੁਸਤਾਨ ਦੇ ਲੋਕਾਂ ਦੇ ਅਨੁਕੂਲ ਜੋ ਨੀਤੀਆਂ ਹਨ, ਉਹੀ ਚੱਲਣਗੀਆਂ, ਬਾਹਰੀ ਨੀਤੀਆਂ ਨਹੀਂ ਚੱਲਣਗੀਆਂ। 

Deepender Hooda

 

ਨਵੀਂ ਦਿੱਲੀ - ਕੇਂਦਰ ਦੀ ਅਗਨੀਪਥ ਸਕੀਮ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਹਰਿਆਣਾ ਤੋਂ ਰਾਜ ਸਭਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਸਰਕਾਰ 'ਤੇ ਨਿਸ਼ਾਨ ਸਾਧਿਆ ਹੈ। ਹੁੱਡਾ ਨੇ ਕਿਹਾ ਕਿ ਸਰਕਾਰ ਨੇ ਨਕਲਚੀ ਬਾਂਦਰ ਦਾ ਰੂਪ ਧਾਰ ਲਿਆ ਹੈ। ਪ੍ਰਦੇਸ਼ ਕਾਂਗਰਸ ਦਫ਼ਤਰ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਦੀਪੇਂਦਰ ਹੁੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਕਲਚੀ ਬਾਂਦਰ ਦਾ ਰੂਪ ਲੈ ਲਿਆ ਹੈ ਪਰ ਹਿੰਦੁਸਤਾਨ ’ਚ ਹਿੰਦੁਸਤਾਨ ਦੇ ਲੋਕਾਂ ਦੇ ਅਨੁਕੂਲ ਜੋ ਨੀਤੀਆਂ ਹਨ, ਉਹੀ ਚੱਲਣਗੀਆਂ, ਬਾਹਰੀ ਨੀਤੀਆਂ ਨਹੀਂ ਚੱਲਣਗੀਆਂ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਅਗਨੀਪਥ ਯੋਜਨਾ ਨੂੰ ਲੈ ਕੇ ਇਜ਼ਰਾਈਲ ਦਾ ਉਦਾਹਰਣ ਦਿੱਤਾ ਜਾ ਰਿਹਾ ਹੈ। ਇਹ ਸਰਕਾਰ ਜਦੋਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ, ਉਦੋਂ ਵੀ ਕਿਹਾ ਸੀ ਕਿ ਅਮਰੀਕਾ ’ਚ ਇਸੇ ਰੂਪ ’ਚ ਕਾਰਪੋਰੇਟ ਸੈਕਟਰ ਖੇਤੀ ਖੇਤਰ ’ਚ ਹੈ। ਹੁੱਡਾ ਨੇ ਕਿਹਾ ਕਿ ਅਮਰੀਕਾ ਨਹੀਂ.. ਹਿੰਦੁਸਤਾਨ ਅਲੱਗ ਹੈ.. ਹਾਲਾਤ ਅਲੱਗ ਹਨ। ਤੁਸੀਂ ਇਸ ਦੇਸ਼ ਨੂੰ ਸਮਝੋ, ਦੇਸ਼ ਦੇ ਲੋਕਾਂ ਨੂੰ ਸਮਝੋ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿੰਦੁਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਪ੍ਰਣਾਲੀ ਅਤੇ ਮੰਡੀ ਪ੍ਰਣਾਲੀ ਨੂੰ ਵਿਕਸਿਤ ਕਰਨ ਦਾ ਕੰਮ ਕੀਤਾ ਸੀ। 

ਹੁੱਡਾ ਨੇ ਕਿਹਾ ਕਿ ਪਹਿਲਾਂ ਕਹਿ ਰਹੇ ਸੀ ਕਿ ਖੇਤੀ ਕਾਨੂੰਨਾਂ ਨੂੰ ਅਮਰੀਕਾ ਤੋਂ ਲੈ ਕੇ ਆਏ ਹਾਂ, ਹੁਣ ਕਹਿ ਰਹੇ ਹਨ ਕਿ ਇਜ਼ਰਾਈਲ ’ਚ ਅਜਿਹਾ ਹੈ। ਹੁੱਡਾ ਨੇ ਸਪੱਸ਼ਟ ਕੀਤਾ ਕਿ ਇਜ਼ਰਾਈਲ ਛੋਟਾ ਮੁਲਕ ਹੈ, ਜਿੱਥੇ ਬੇਰੁਜ਼ਗਾਰੀ ਨਹੀਂ ਹੈ ਅਤੇ 100 ਫੀਸਦੀ ਰੁਜ਼ਗਾਰ ਹੈ ਅਤੇ ਉਥੇ ਕੋਈ ਵੀ ਆਪਣੀ ਮਰਜ਼ੀ ਨਾਲ ਫੌਜ ਵਿਚ ਭਰਤੀ ਨਹੀਂ ਹੋਣਾ ਚਾਹੁੰਦਾ। ਹੁੱਡਾ ਮੁਤਾਬਕ, ਭਾਵਨਾ ਦੇ ਪੱਧਰ ’ਤੇ ਵੀ ਹਿੰਦੁਸਤਾਨ ਅਤੇ ਇਜ਼ਰਾਈਲ ’ਚ ਫਰਕ ਹੈ।

ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਫੌਜ ਦੇ ਜਵਾਨਾਂ ਨੂੰ ਕਮਜ਼ੋਰ ਕਰੇਗੀ ਅਤੇ ਇਸ ਯੋਜਨਾ ਨੇ ਫੌਜ ’ਚ ਸ਼ਾਮਿਲ ਹੋਣ ਦੇ ਇੱਛੁਕ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। 
ਹੁੱਡਾ ਨੇ ਕਿਹਾ ਕਿ ਅਸੀਂ ਹੀ ਨਹੀਂ ਸਾਬਕਾ ਫੌਜੀ ਵੀ ਕਹਿ ਰਹੇ ਹਨ ਕਿ ਇਸ ਯੋਜਨਾ ਨਾਲ ਦੇਸ਼ ਕਮਜ਼ੋਰ ਹੋਵੇਗਾ। ਇਸ ਨਾਲ ਦੇਸ਼ ਦੀ ਫੌਜ ਘਟੇਗੀ, ਜੇਕਰ ਇਹ ਯੋਜਨਾ 15 ਸਾਲ ਚੱਲੀ ਤਾਂ ਦੇਸ਼ ਦੀ ਫੌਜ ਦੀ ਗਿਣਤੀ 14 ਲੱਖ ਤੋਂ ਘਟ ਕੇ 6 ਲੱਖ ਹੀ ਰਹਿ ਜਾਵੇਗੀ। 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ 6 ਮਹੀਨੇ ਦੀ ਛੁੱਟੀ, 1 ਸਾਲ ਬੀਤ ਗਿਆ ਹੈ, 2-3 ਸਾਲ ਉਸ ਸਿਪਾਹੀ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਵੇਗੀ।