ਬਿਹਾਰ 'ਚ ਖੌਫ਼ਨਾਕ ਅਪਰਾਧੀ, ਸ਼ਰੇਆਮ ਲੁੱਟ ਤੋਂ ਬਾਅਦ ਦੁਕਾਨ ਮਾਲਕ ਨੂੰ ਗੋਲੀਆਂ ਨਾਲ ਭੁੰਨਿਆਂ
ਘਟਨਾ CCTV 'ਚ ਹੋਈ ਕੈਦ
ਪਟਨਾ— ਬਿਹਾਰ 'ਚ ਅਪਰਾਧੀਆਂ ਦੇ ਹੌਸਲੇ ਕਿੰਨੇ ਉੱਚੇ ਹਨ, ਇਸ ਦਾ ਅੰਦਾਜ਼ਾ ਹਾਜੀਪੁਰ 'ਚ ਸਥਿਤ ਇਕ ਗਹਿਣਿਆਂ ਦੀ ਦੁਕਾਨ 'ਚ ਹੋਈ ਲੁੱਟ-ਖੋਹ ਅਤੇ ਹੱਤਿਆ ਦੀ ਘਟਨਾ ਤੋਂ ਲੱਗ ਸਕਦਾ ਹੈ। ਘਟਨਾ 22 ਜੂਨ ਦੀ ਹੈ। ਲੁੱਟ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਲੁਟੇਰੇ ਨੀਲਮ ਜਵੈਲਰਜ਼ ਵਿੱਚ ਸਵੇਰੇ ਇੱਕ-ਇੱਕ ਕਰਕੇ ਦਾਖ਼ਲ ਹੋਏ।
ਜਿਵੇਂ ਹੀ ਉਹ ਦੁਕਾਨ ਦੇ ਅੰਦਰ ਦਾਖਲ ਹੋਏ, ਮੁਲਜ਼ਮਾਂ ਨੇ ਹਥਿਆਰ ਕੱਢ ਲਏ ਅਤੇ ਸਾਰਿਆਂ ਨੂੰ ਬੈਠਣ ਲਈ ਕਿਹਾ। ਜਦੋਂ ਮੁਲਜ਼ਮ ਦੁਕਾਨ ਅੰਦਰ ਦਾਖ਼ਲ ਹੋਏ ਤਾਂ ਉੱਥੇ ਇੱਕ ਔਰਤ, ਉਸ ਦੇ ਦੋ ਬੱਚੇ ਅਤੇ ਦੋ ਹੋਰ ਖਰੀਦਦਾਰ ਵੀ ਮੌਜੂਦ ਸਨ। ਮੁਲਜ਼ਮ ਨੇ ਪਹਿਲਾਂ ਔਰਤ ਅਤੇ ਉਸ ਦੇ ਬੱਚਿਆਂ ਨੂੰ ਬੈਠਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਔਰਤ ਦੇ ਸਾਹਮਣੇ ਬੈਠੇ ਦੋ ਹੋਰ ਗਾਹਕਾਂ 'ਚੋਂ ਇਕ ਨੂੰ ਥੱਪੜ ਮਾਰ ਦਿੱਤਾ।
ਇਸ ਤੋਂ ਬਾਅਦ ਉਹ ਨੀਲਮ ਜਵੈਲਰੀ ਦੇ ਮਾਲਕ ਸੁਨੀਲ ਪ੍ਰਿਯਦਰਸ਼ੀ ਨੂੰ ਕੁੱਟਣ ਲੱਗ ਪਏ। ਇਸ ਦੌਰਾਨ ਗਿਰੋਹ ਦੇ ਕੁਝ ਲੋਕ ਦੁਕਾਨ ਦੇ ਬਾਹਰ ਪਹਿਰਾ ਦਿੰਦੇ ਨਜ਼ਰ ਆ ਰਹੇ ਹਨ, ਜਦਕਿ ਕੁਝ ਹੋਰ ਸਾਥੀ ਦੁਕਾਨ ਤੋਂ ਗਹਿਣੇ ਆਪਣੇ ਬੈਗਾਂ 'ਚ ਭਰਦੇ ਨਜ਼ਰ ਆ ਰਹੇ ਹਨ। ਜਦੋਂ ਦੁਕਾਨ ਦੇ ਮਾਲਕ ਨੇ ਲੁੱਟ ਦੀ ਘਟਨਾ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸੋਚਣ ਵਾਲੀ ਗੱਲ ਹੈ ਜਿਥੇ ਚੋਕੀ ਹੋਈ ਇਹ ਇਲਾਕਾ ਭੀੜ-ਭੜੱਕੇ ਵਾਲਾ ਹੈ, ਫਿਰ ਵੀ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਫਿਲਹਾਲ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ਪਰੂ ਕਰ ਦਿੱਤੀ।