ਯੂਪੀ ਵਿਚ ਪੱਤਰਕਾਰ ਨੂੰ ਮਾਰੀ ਗੋਲੀ, 3 ਮਹੀਨੇ ਪਹਿਲਾਂ ਕੀਤੀ ਸੀ ਜਾਨ ਨੂੰ ਖ਼ਤਰਾ ਹੋਣ ਦੀ ਸ਼ਿਕਾਇਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਧਮਕੀ ਮਿਲਣ ਤੋਂ ਬਾਅਦ ਪੱਤਰਕਾਰ ਮਨੂ ਅਵਸਥੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

A journalist was shot in UP, 3 months ago he had complained that his life was in danger

 

ਉੱਤਰ ਪ੍ਰਦੇਸ਼  - ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਇੱਕ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ। ਕੁਝ ਦਿਨ ਪਹਿਲਾਂ ਪੱਤਰਕਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਉਸ ਨੂੰ 24 ਜੂਨ ਦੀ ਰਾਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹੁਣ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਕਾਨਪੁਰ ਦੇ ਲਾਲਾ ਲਾਜਪਤ ਰਾਏ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਪੱਤਰਕਾਰ ਦਾ ਨਾਂ ਮਨੂ ਅਵਸਥੀ ਹੈ। ਤਿੰਨ ਮਹੀਨੇ ਪਹਿਲਾਂ ਮਨੂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਇਸ ਵਿਚ ਉਸ ਨੇ ਕੁਝ ਭੂ-ਮਾਫ਼ੀਆ ਖ਼ਿਲਾਫ਼ ਦੋਸ਼ ਲਾਇਆ ਸੀ ਕਿ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇਗੀ। 

ਉਨਾਓ ਪੁਲਿਸ ਨੇ ਦਾਅਵਾ ਕੀਤਾ ਕਿ ਧਮਕੀ ਮਿਲਣ ਤੋਂ ਬਾਅਦ ਪੱਤਰਕਾਰ ਮਨੂ ਅਵਸਥੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਜਦੋਂ ਗੋਲੀ ਚਲਾਈ ਗਈ ਤਾਂ ਕੀ ਉਸ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਸਨ? ਇਸ ਸਵਾਲ 'ਤੇ ਉਨਾਓ ਦੇ ਏਐਸਪੀ ਸ਼ਸ਼ੀ ਸ਼ੇਖਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਦੀ ਗੱਲ ਵੱਖਰੀ ਹੈ, ਸੁਰੱਖਿਆ ਦਾ ਮਾਮਲਾ ਵੱਖਰਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਦੇ ਨਾਂ ਸਨ, ਜੇਕਰ ਉਨ੍ਹਾਂ ਦੀ ਭੂਮਿਕਾ ਪਾਈ ਗਈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

17 ਮਾਰਚ ਨੂੰ ਮਨੂ ਅਵਸਥੀ ਨੇ ਪੁਲਿਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਸ਼ਿਕਾਇਤ ਵਿਚ ਲਿਖਿਆ ਸੀ ਕਿ "ਭੂ-ਮਾਫੀਆ ਅੰਸ਼ੂ ਗੁਪਤਾ, ਫਹਾਦ ਸਿੱਦੀਕੀ, ਦੀਪਕ ਸਿੰਘ ਕੈਰੋਵਾਂ ਅਤੇ ਗੋਲੂ ਸਿੰਘ ਨੇ 14 ਮਾਰਚ ਨੂੰ ਭਾਜਪਾ ਨੇਤਾ ਵਿਨੈ ਸਿੰਘ ਦੇ ਘਰ ਦਾਖਲ ਹੋ ਕੇ ਗੋਲੀਬਾਰੀ ਕੀਤੀ। ਮੈਂ ਇਹ ਖ਼ਬਰ ਆਪਣੇ ਯੂਟਿਊਬ ਚੈਨਲ 'ਤੇ ਚਲਾਈ। ਇਸ ਲਈ ਇਨ੍ਹਾਂ ਲੋਕਾਂ ਨੇ ਮੇਰੇ 'ਤੇ ਹਮਲਾ ਕੀਤਾ ਅਤੇ ਮਾਰਨ ਲਈ ਰੇਕੀ ਕੀਤੀ। " 

ਜਿਨ੍ਹਾਂ ਦੇ ਨਾਂ ਮਨੂੰ ਨੇ ਸ਼ਿਕਾਇਤ ਵਿੱਚ ਲਿਖੇ ਸਨ, ਉਨ੍ਹਾਂ ਨੂੰ ਹਿਸਟਰੀ-ਸ਼ੀਟਰ ਕਿਹਾ ਜਾਂਦਾ ਸੀ। ਦੋਸ਼ ਸੀ ਕਿ ਦੀਪਕ ਸਿੰਘ ਨੂੰ ਇੱਕ ਮਹੀਨਾ ਪਹਿਲਾਂ 10 ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਦੋ ਦਿਨਾਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਗਈ ਸੀ। ਅੰਸ਼ੂ ਗੁਪਤਾ ਖਿਲਾਫ਼ ਗੈਂਗਸਟਰ ਐਕਟ ਸਮੇਤ ਕਈ ਮਾਮਲੇ ਦਰਜ ਹਨ। ਦੂਜੇ ਪਾਸੇ ਦੀਪਕ ਸਿੰਘ ਨਾਜਾਇਜ਼ ਤੌਰ ’ਤੇ ਹਸਪਤਾਲ ਚਲਾ ਰਿਹਾ ਹੈ, ਜਿਸ ਬਾਰੇ ਸਿਹਤ ਅਧਿਕਾਰੀਆਂ ਨੂੰ ਪਤਾ ਹੈ, ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। 

ਪੱਤਰਕਾਰ ਦੀ ਤਿੰਨ ਮਹੀਨੇ ਪੁਰਾਣੀ ਵੀਡੀਓ ਵੀ ਸਾਹਮਣੇ ਆਈ ਹੈ। ਇਸ 'ਚ ਉਨ੍ਹਾਂ ਨੂੰ ਧਮਕੀਆਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਮਨੂ ਨੇ ਵੀਡੀਓ 'ਚ ਕਿਹਾ,
"ਜਦੋਂ ਤੋਂ ਮੈਂ ਖ਼ਬਰ ਦਿੱਤੀ, ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਅਣਪਛਾਤੇ ਵਾਹਨਾਂ ਨੇ ਮੇਰਾ ਪਿੱਛਾ ਕੀਤਾ। ਇਸ ਲਈ ਮੈਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ।"