ਸੋਨਾ ਗਾਇਬ ਹੋਣ ਦੀ ਖ਼ਬਰ ਵਿਚਕਾਰ ਨੇਪਾਲ ਦੇ ਪਸ਼ੂਪਤੀਨਾਥ ਮੰਦਰ ’ਚ ‘ਜਲਹਰੀ’ ਦਾ ਭਾਰ ਕੀਤਾ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਪ ’ਚ ਜਲਹਰੀ ਦੇ ਭਾਰ ’ਚ ਕਮੀ ਦਾ ਪਤਾ ਲੱਗਾ 

representational Image

ਕਾਠਮੰਡੂ: ਨਵੇਂ ਚੜ੍ਹਾਏ ਗਹਿਣੇ ਨੂੰ ਬਣਾਉਣ ’ਚ ਬੇਨਿਯਮੀਆਂ ਦੇ ਵਧਦੇ ਦਾਅਵਿਆਂ ਵਿਚਕਾਰ ਨੇਪਾਲ ਦੀ ਸਿਖਰਲੀ ਭ੍ਰਿਸ਼ਟਾਚਾਰ ਨਿਰੋਧਕ ਸੰਸਥਾ ਨੇ ਪਸ਼ੂਪਤੀਨਾਥ ਮੰਦਰ ਅੰਦਰ ‘ਜਲਹਰੀ’ ’ਚ ਗਾਇਬ ਸੋਨੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮੀਡੀਆ ’ਚ ਆਈ ਇਕ ਖ਼ਬਰ ’ਚ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ ਗਈ।
 
ਜਲਹਰੀ ਉਹ ਨੀਂਹ ਹੈ ਜਿਸ ’ਤੇ ਸ਼ਿਵਲਿੰਗ ਸਥਾਪਤ ਕੀਤਾ ਜਾਂਦਾ ਹੈ। ਇਹ ਕਾਠਮੰਡੂ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਪਸ਼ੂਪਤੀਨਾਥ ਮੰਦਰ ਦੇ ਅੰਦਰੂਨੀ ਗਰਭਗ੍ਰਹਿ ’ਚ ਹੈ। ਜਲਹਰੀ ਤੋਂ 10 ਕਿੱਲੋ ਸੋਨਾ ਗਾਇਬ ਹੋਣ ਬਾਰੇ ਖ਼ਬਰ ਦੀ ਜਾਂਚ ਕਰਨ ਲਈ ਸਰਕਾਰ ਵਲੋਂ ‘ਅਧਿਕਾਰ ਦਾ ਦੁਰਉਪਯੋਗ ਦੀ ਜਾਂਚ ਕਰਨ ਵਾਲੇ ਕਮਿਸ਼ਨ’ (ਸੀ.ਆਈ.ਏ.ਏ.) ਨੂੰ ਹੁਕਮ ਦਿਤੇ ਜਾਣ ਤੋਂ ਬਾਅਦ ਐਤਵਾਰ ਨੂੰ ਮੰਦਰ ਭਗਤਾਂ ਲਈ ਬੰਦ ਕਰ ਦਿਤਾ ਗਿਆ।

ਸੀ.ਆਈ.ਏ.ਏ. ਦੀ ਇਕ ਵਿਸ਼ੇਸ਼ ਟੀਮ ਨੇ ਸਫ਼ਲਤਾਪੂਰਵਕ ਸੋਨੇ ਦਾ ਭਾਰ ਕੀਤਾ। ਤੋਲਣ ਦੀ ਪ੍ਰਕਿਰਿਆ ਐਤਵਾਰ ਸ਼ਾਮ ਛੇ ਵਜੇ ਸ਼ੁਰੂ ਹੋਈ ਅਤੇ ਸੋਮਵਾਰ ਤੜਕੇ ਦੋ ਵਜੇ ਖ਼ਤਮ ਹੋਈ। ਸੂਤਰਾਂ ਨੇ ਕਿਹਾ ਕਿ ਜਲਹਰੀ ਤੋਲਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਇਸ ਦਾ ਕੁਲ ਭਾਰ ਪਤਾ ਕਰਨ ਲਈ ਅੰਤਮ ਮੁਲਾਂਕਣ ਜਾਰੀ ਹੈ।

ਇਹ ਵੀ ਪੜ੍ਹੋ : ਹਿਮਾਚਲ 'ਚ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ ਬੰਦ ਹੋਈਆਂ 301 ਸੜਕਾਂ

ਸੂਤਰਾਂ ਅਨੁਸਾਰ ਸ਼ੁਰੂਆਤੀ ਮਾਪ ’ਚ ਜਲਹਰੀ ਦੇ ਭਾਰ ’ਚ ਕਮੀ ਦਾ ਪਤਾ ਲੱਗਾ ਹੈ ਪਰ ਭਾਰ ’ਚ ਕਮੀ ਦੀ ਸਟੀਕ ਹੱਦ ਦੀ ਪੁਸ਼ਟੀ ਨਹੀਂ ਕੀਤੀ ਗਈ। ਖ਼ਬਰਾਂ ’ਚ ਕਿਹਾ ਗਿਆ ਹੈ ਕਿ ਮੁਰੰਮਤ ਤੋਂ ਬਾਅਦ ਜਲਹਰੀ ਨੂੰ ਪਸ਼ੂਪਤੀਨਾਥ ਮੰਦਰ ’ਚ ਮੁੜ ਸਥਾਪਤ ਕੀਤਾ ਜਾਵੇਗਾ। ਸੀ.ਆਈ.ਏ.ਏ. ਦੀ ਜਾਂਚ ਜਲਹਰੀ ਦੇ ਆਸਪਾਸ ਬੇਨਿਯਮੀਆਂ ਨੂੰ ਲੈ ਕੇ ਕੀਤੀ ਗਈ ਇਕ ਸ਼ਿਕਾਇਤ ਮਗਰੋਂ ਹੋਈ।

ਪਸ਼ੂਪਤੀ ਖੇਤਰ ਵਿਕਾਸ ਅਥਾਰਟੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਜਲਹਰੀ ਬਣਾਉਣ ਲਈ 103 ਕਿੱਲੋ ਸੋਨਾ ਖ਼ਰੀਦਿਆ ਸੀ ਪਰ ਗਹਿਣੇ ਤੋਂ 10 ਕਿੱਲੋ ਸੋਨਾ ਗਾਇਬ ਸੀ। ਜਾਂਚ ਪ੍ਰਕਿਰਿਆ ਲਈ ਪਸ਼ੂਪਤੀ ਮੰਦਰ ’ਚ ਨੇਪਾਲ ਫ਼ੌਜ ਦੇ ਜਵਾਨਾਂ ਸਮੇਤ ਕਈ ਸੁਰਖਿਆ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਸੀ।