ਓਡੀਸ਼ਾ : ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਦੀ ਹੋਈ ਟੱਕਰ, 12 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਵਿਸ਼ੇਸ਼ ਰਾਹਤ ਕਮਿਸ਼ਨ ਨੇ ਜ਼ਖ਼ਮੀਆਂ ਦੇ ਇਲਾਜ ਲਈ 30-30 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

photo

 

ਓਡੀਸ਼ਾ : ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿਚ ਬੀਤੀ ਰਾਤ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ। ਇਸ 'ਚ 12 ਲੋਕਾਂ ਦੀ ਮੌਤ ਅਤੇ 7 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ, ਬਹਿਰਾਮਪੁਰ​ਵਿਚ ਦਾਖਲ ਕਰਵਾਇਆ ਗਿਆ ਹੈ। ਗੰਜਮ ਦੇ ਡੀਐਮ ਦਿਬਿਆ ਜੋਤੀ ਪਰੀਦਾ ਨੇ ਦਸਿਆ ਕਿ ਦੋ ਬੱਸਾਂ ਵਿਚਾਲੇ ਟੱਕਰ ਹੋ ਗਈ। ਅਸੀਂ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੱਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਜ਼ਖ਼ਮੀਆਂ ਨੂੰ ਮੁਫ਼ਤ ਮੈਡੀਕਲ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਵਿੱਤ ਮੰਤਰੀ ਵਿਕਰਮ ਅਰੁਖ ਅਤੇ ਗੰਜਮ ਡੀਪੀਸੀਸੀ ਦੇ ਪ੍ਰਧਾਨ ਅਤੇ ਵਿਧਾਇਕ ਵਿਕਰਮ ਪਾਂਡਾ ਨੂੰ ਤੁਰਤ ਮੌਕੇ 'ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿਤੇ ਹਨ।

ਜਾਣਕਾਰੀ ਦੇ ਅਨੁਸਾਰ, ਓਡੀਸ਼ਾ ਰਾਜ ਸੜਕ ਆਵਾਜਾਈ ਨਿਗਮ (OSRTC) ਦੀ ਬੱਸ ਦੀਗਪਹਾਂਡੀ ਪੁਲਿਸ ਸੀਮਾ ਦੇ ਅਧੀਨ ਐਤਵਾਰ ਦੇਰ ਰਾਤ ਨੂੰ ਉਲਟ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਬੱਸ ਨਾਲ ਟਕਰਾ ਗਈ। ਬਹਿਰਾਮਪੁਰ ਦੇ ਪੁਲਿਸ ਸੁਪਰਡੈਂਟ ਸਰਵਣ ਵਿਵੇਕ ਐੱਮ. ਨੇ ਦਸਿਆ ਕਿ ਇਹ ਹਾਦਸਾ ਇੱਥੋਂ ਕਰੀਬ 35 ਕਿਲੋਮੀਟਰ ਦੂਰ ਬਹਿਰਾਮਪੁਰ-ਤਪਤਪਾਨੀ ਰੋਡ 'ਤੇ ਦਿਗਪਹਾਂਡੀ ਖੇਤਰ ਦੇ ਕੋਲ ਐਤਵਾਰ ਦੇਰ ਰਾਤ ਵਾਪਰਿਆ।ਜਦੋਂ ਵਿਆਹ ਤੋਂ ਬਰਾਤ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੀ ਦੂਜੀ ਬੱਸ ਨਾਲ ਟੱਕਰ ਹੋ ਗਈ। ਉਹ ਬਹਿਰਾਮਪੁਰ ਵਿਚ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਡਿਗਪਹਾਂਡੀ ਨੇੜੇ ਖੰਡਦੇਉਲੀ ਵਾਪਸ ਆ ਰਹੇ ਸਨ, ਜਦੋਂ ਕਿ ਓਐਸਆਰਟੀਸੀ ਦੀ ਬੱਸ ਰਾਏਗੜਾ ਤੋਂ ਭੁਵਨੇਸ਼ਵਰ ਜਾ ਰਹੀ ਸੀ।

ਉਨ੍ਹਾਂ ਦਸਿਆ ਕਿ ਹਾਦਸੇ ਤੋਂ ਬਾਅਦ ਬਚਾਅ ਟੀਮ ਨੇ ਤੁਰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿਤਾ। ਉਨ੍ਹਾਂ ਕਿਹਾ ਕਿ ਹਾਦਸੇ ਪਿੱਛੇ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਸਾਡੀ ਜਾਂਚ ਜਾਰੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਾਨ ਗਵਾਉਣ ਵਾਲੇ 12 ਲੋਕਾਂ ਵਿਚੋਂ 7 ਲੋਕ ਇੱਕ ਹੀ ਪ੍ਰਵਾਰ ਦੇ ਸਨ ਅਤੇ ਬਾਕੀ ਉਨ੍ਹਾਂ ਦੇ ਰਿਸ਼ਤੇਦਾਰ ਸਨ। ਸਾਰੇ ਪ੍ਰਾਈਵੇਟ ਬੱਸ ਵਿਚ ਸਵਾਰ ਸਨ। ਓਐਸਆਰਟੀਸੀ ਬੱਸ ਦੇ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਵਿਸ਼ੇਸ਼ ਰਾਹਤ ਕਮਿਸ਼ਨ ਨੇ ਜ਼ਖ਼ਮੀਆਂ ਦੇ ਇਲਾਜ ਲਈ 30-30 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।