ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦੋ ਪੌਕਲੈਨ ਤੇ ਇਕ ਜੇ.ਸੀ.ਬੀ. ਮਸ਼ੀਨ ਕਬਜ਼ੇ 'ਚ ਲਈ

Illegal Minning

ਜ਼ੀਰਕਪੁਰ : ਨੇੜਲੇ ਰਾਮਪੁਰ ਕਲਾਂ ਘੱਗਰ ਨਦੀ ਵਿਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲੰਘੀ ਦੇਰ ਸ਼ਾਮ ਮੌਕੇ 'ਤੇ ਛਾਪਾ ਮਾਰ ਕੇ ਇਸ ਕਾਰਵਾਈ ਨੂੰ ਅੰਜਾਮ ਦਿਤਾ ਹੈ ਜਿਸ ਦੌਰਾਨ ਮਾਈਨਿੰਗ ਕਰ ਰਹੇ ਲੋਕ ਤਾਂ ਮੌਕੇ ਤਾਂ ਫ਼ਰਾਰ ਹੋ ਗਏ ਪਰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰ ਰਹੀ ਦੋ ਪੌਕਲੈਨ ਤੇ ਇਕ ਜੇਸੀਬੀ ਮਸ਼ੀਨ ਕਬਜ਼ੇ ਵਿਚ ਲੈ ਲਈ।

ਦੂਜੇ ਪਾਸੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਰਾਮਪੁਰ ਕਲਾਂ ਵਿਚ ਲੰਮੇ ਸਮੇਂ ਤੋਂ ਮੁਹਾਲੀ ਦੇ ਇਕ ਕਾਂਗਰਸੀ ਆਗੂ ਦੀ ਕਥਿਤ ਸ਼ਹਿ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਵਿਰੁਧ ਪੁਲਿਸ ਕਾਰਵਾਈ ਕਰਨ ਤੋਂ ਟਾਲਾ ਵਟ ਰਹੀ ਹੈ।ਜਾਣਕਾਰੀ ਅਨੁਸਾਰ ਪਿੰਡ ਰਾਮਪੁਰ ਕਲਾਂ ਵਿਖੇ ਲੰਮੇ ਸਮੇਂ ਤੋਂ ਰਾਤ ਦੇ ਹਨੇਰੇ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।

ਇਸ ਸਬੰਧੀ ਲੰਮੇ ਸਮੇਂ ਤੋਂ ਪਿੰਡ ਵਾਸੀ ਆਵਾਜ਼ ਚੁਕ ਰਹੇ ਹਨ ਪਰ ਮਾਈਨਿੰਗ ਮਾਫ਼ੀਆ ਨੂੰ ਮੁਹਾਲੀ ਦੇ ਇਕ ਵੱਡੇ ਕਾਂਗਰਸੀ ਆਗੂ ਦੀ ਸ਼ਹਿ ਹੋਣ ਕਾਰਨ ਪੁਲਿਸ ਹਰ ਵਾਰ ਕਾਰਵਾਈ ਕਰਨ ਤੋਂ ਟਾਲਾ ਵਟ ਦਿੰਦੀ ਸੀ। ਲੰਘੇ ਦਿਨੀਂ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮੌਕੇ 'ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਕੁੱਝ ਲੋਕਾਂ ਨੂੰ ਘੇਰਿਆ ਸੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਫ਼ਰਾਰ ਹੋ ਗਏ। 

ਪਿੰਡ ਵਾਸੀਆਂ ਨੇ ਦਸਿਆ ਕਿ ਲੰਘੀ ਸ਼ਾਮ ਦਿਨ-ਦਿਹਾੜੇ ਹੀ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿਤੀ ਗਈ ਸੀ। ਉਨ੍ਹਾਂ ਵਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਦਿਤੀ ਗਈ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਸਿਆ ਕੋਈ ਕਾਰਵਾਈ ਨਾ ਹੁੰਦਾ ਵੇਖ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੂੰ ਜਾਣਕਾਰੀ ਦਿਤੀ।

ਉਨ੍ਹਾਂ ਤੁਰਤ ਐਕਸ਼ਨ ਲੈਂਦਿਆਂ ਏਡੀਸੀ ਚਰਨਦੇਵ ਸਿੰਘ ਮਾਨ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਦਿਤੀ। ਮਾਨ ਵਲੋਂ ਬਨੂੜ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਨੂੰ ਮੌਕੇ 'ਤੇ ਭੇਜਿਆ ਗਿਆ। ਜਸਵੀਰ ਕੌਰ ਵਲੋਂ ਛਾਪਾ ਮਾਰਿਆਂ ਤਾਂ ਮੌਕੇ 'ਤੇ ਮਾਈਨਿੰਗ ਕਰ ਰਹੇ ਲੋਕ ਮਸ਼ੀਨਰੀ ਛੱਡ ਕੇ ਫ਼ਰਾਰ ਹੋ ਗਏ।
ਥਾਣਾ ਮੁਖੀ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਉਹ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਸੀ।

ਉਨ੍ਹਾਂ ਕਿਹਾ ਕਿ ਮੌਕੇ 'ਤੇ ਦੋ ਪੌਕਲੈਨ ਅਤੇ ਇਕ ਜੇਸੀਬੀ ਖੜੀ ਸੀ, ਜਿਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ ਤੇ ਮਸ਼ੀਨਾਂ ਦੇ ਨੰਬਰ ਤੋਂ ਮਾਈਨਿੰਗ ਮਾਫ਼ੀਆ ਦੀ ਭਾਲ ਕੀਤੀ ਜਾ ਰਹੀ ਹੈ।