ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਏ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਨਿਚਰਵਾਰ ਨੂੰ ਕੋਰੋਨਾ ਪਾਜ਼ੇਟਿਵ ਨਾਲ ਪੀੜਤ ਪਾਏ ਗਏ ਹਨ।

MP CM Shivraj Singh Chouhan

ਭੋਪਾਲ, 25 ਜੁਲਾਈ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਨਿਚਰਵਾਰ ਨੂੰ ਕੋਰੋਨਾ ਪਾਜ਼ੇਟਿਵ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੂੰ ਸ਼ਹਿਰ ਦੇ ਚਿਰਾਯੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵਿੱਟਰ 'ਤੇ ਟਵੀਟ ਕਰ ਕੇ ਦਿਤੀ। ਉਨਾਂ ਨੇ ਟਵੀਟ 'ਚ ਕਿਹਾ, ''ਮੇਰੇ ਪਿਆਰੇ ਪ੍ਰਦੇਸ਼ ਵਾਸੀਆਂ, ਮੇਰੇ 'ਚ ਕੋਵਿਡ-19 ਦੇ ਲੱਛਣ ਨਜ਼ਰ ਆ ਰਹੇ ਸਨ। ਟੈਸਟ ਮਗਰੋਂ ਮੇਰੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮੇਰੇ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੇ ਸੰਪਰਕ ਵਿਚ ਆਏ ਹਨ, ਉਹ ਅਪਣਾ ਕੋਰੋਨਾ ਟੈਸਟ ਕਰਵਾ ਲੈਣ। ਮੇਰੇ ਨੇੜਲੇ ਸੰਪਰਕ ਵਾਲੇ ਲੋਕ ਇਕਾਂਤਾਵਸ 'ਚ ਚੱਲੇ ਜਾਣ। ਪ੍ਰਦੇਸ਼ ਦੀ ਜਨਤਾ ਨੂੰ ਮੇਰੀ ਅਪੀਲ ਹੈ ਕਿ ਸਾਵਧਾਨੀ ਵਰਤਣ।''

ਉਨਾਂ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਵਿਚ ਲਿਖਿਆ ਕਿ ਕੋਵਿਡ-19 ਦਾ ਸਮੇਂ ਰਹਿੰਦੇ ਇਲਾਜ ਹੁੰਦਾ ਹੈ ਤਾਂ ਵਿਅਕਤੀ ਠੀਕ ਹੋ ਜਾਂਦਾ ਹੈ। ਮੈਂ 25 ਮਾਰਚ ਤੋਂ ਹਰੇਕ ਸ਼ਾਮ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਬੈਠਕ ਕਰਦਾ ਰਿਹਾ ਹਾਂ। ਮੈਂ ਹੁਣ ਵੀਡੀਉ ਕਾਨਫਰੰਸਿੰਗ ਤੋਂ ਕੋਰੋਨਾ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕਰਾਂਗਾ।

ਮੇਰੀ ਗ਼ੈਰ-ਹਾਜ਼ਰੀ ਵਿਚ ਇਹ ਬੈਠਕ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ, ਸ਼ਹਿਰੀ ਵਿਕਾਸ ਅਤੇ ਪ੍ਰਸ਼ਾਸਨ ਮੰਤਰੀ ਭੁਪਿੰਦਰ ਸਿੰਘ, ਡਾਕਟਰੀ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਅਤੇ ਸਿਹਤ ਮੰਤਰੀ ਡਾ. ਪ੍ਰਭੂਰਾਮ ਚੌਧਰੀ ਕਰਨਗੇ। ਉਨਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਵੀ ਇਕਾਂਤਸਵਾਸ ਵਿਚ ਰਹਿੰਦੇ ਹੋਏ ਇਲਾਜ ਦੌਰਾਨ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ। ਚੌਹਾਨ ਨੇ ਕਿਹਾ ਕਿ ਤੁਸੀਂ ਸਾਰੇ ਸਾਵਧਾਨ ਰਹੋ, ਸੁਰੱਖਿਅਤ ਰਹੋ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਜ਼ਰੂਰ ਕਰੋ।         (ਪੀਟੀਆਈ)

ਭਾਰਤ ਵਿਚ ਇਕ ਦਿਨ 'ਚ ਕੋਰੋਨਾ ਦੇ ਰੀਕਾਰਡ 4.20 ਲੱਖ ਨਮੂਨਿਆਂ ਦੀ ਜਾਂਚ
ਨਵੀਂ ਦਿੱਲੀ, 25 ਜੁਲਾਈ : ਕੇਂਦਰੀ ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਨੇ ਕੋਵਿਡ-19 ਜਾਂਚ ਸਮਰੱਥਾ 'ਚ ਹੌਲੀ-ਹੌਲੀ ਵਾਧਾ ਕਰਦੇ ਹੋਏ ਇਕ ਦਿਨ 'ਚ ਸਭ ਤੋਂ ਵੱਧ 4.20 ਲੱਖ ਜਾਂਚ ਦਾ ਰੀਕਾਰਡ ਬਣਾਇਆ। ਮੰਤਰਾਲੇ ਅਨੁਸਾਰ, ਲੈਬਾਂ ਦੀ ਗਿਣਤੀ 'ਚ ਵਾਧੇ ਕਾਰਨ ਇੰਨੀ ਜਾਂਚ ਕਰਨਾ ਮੁਮਕਿਨ ਹੋ ਸਕਿਆ। ਭਾਰਤ 'ਚ ਜਨਵਰੀ 'ਚ ਕੋਵਿਡ-19 ਦੀ ਜਾਂਚ ਲਈ ਸਿਰਫ਼ ਇਕ ਲੈਬ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 1,301 ਹੋ ਚੁਕੀ ਹੈ,

ਜਿਨ੍ਹਾਂ 'ਚ ਨਿੱਜੀ ਲੈਬਾਂ ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਦੇ ਸੋਧ ਦਿਸ਼ਾ-ਨਿਰਦੇਸ਼ਾਂ ਅਤੇ ਸੂਬਿਆਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੇ ਵੀ ਵੱਡੇ ਪੈਮਾਨੇ 'ਤੇ ਜਾਂਚ 'ਚ ਮਦਦ ਕੀਤੀ। ਦੇਸ਼ 'ਚ ਸ਼ੁੱਕਰਵਾਰ ਤੱਕ ਕੋਵਿਡ-19 ਲਈ ਕੁੱਲ 1,58,49,068 ਜਾਂਚ ਕੀਤੀ ਜਾ ਚੁਕੀ ਹੈ।           (ਪੀਟੀਆਈ)

ਮੰਤਰਾਲੇ ਨੇ ਕਿਹਾ ਕਿ ਭਾਰਤ ਬੀਤੇ ਕਰੀਬ ਇਕ ਹਫ਼ਤੇ ਤੋਂ ਰੋਜ਼ਾਨਾ 3.50 ਲੱਖ ਜਾਂਚ ਕਰ ਰਿਹਾ ਹੈ। ਮੰਤਰਾਲੇ ਅਨੁਸਾਰ, ਬੀਤੇ 24 ਘੰਟਿਆਂ ਦੌਰਾਨ ਕੀਤੀ ਗਈ 4,20,898 ਜਾਂਚ ਕਾਰਨ ਦੇਸ਼ 'ਚ ਪ੍ਰਤੀ 10 ਲੱਖ ਵਿਅਕਤੀਆਂ 'ਤੇ ਜਾਂਚ ਦਾ ਅੰਕੜਾ 11,485 ਹੋ ਗਿਆ ਹੈ ਅਤੇ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਤਰਾਲੇ ਨੇ ਕਿਹਾ,''ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚੋਂ ਹੈ, ਜਿਥੇ ਮੌਤ ਦਰ ਸਭ ਤੋਂ ਘੱਟ ਹੈ।'' ਉਸ ਨੇ ਕਿਹਾ ਕਿ ਮੌਤ ਦਰ 'ਚ ਗਿਰਾਵਟ ਦਿਖਾਉਂਦੀ ਹੈ ਕਿ ਕੇਂਦਰ, ਰਾਜ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਸਮੂਹਕ ਕੋਸ਼ਿਸ਼ ਦਾ ਅਸਰ ਹੋਇਆ ਹੈ।         (ਪੀਟੀਆਈ)