ਰਾਜਪਾਲ ਨੂੰ ਮਿਲਿਆ ਰਾਜਸਥਾਨ ਭਾਜਪਾ ਦਾ ਵਫ਼ਦ
ਮੰਗ ਪੱਤਰ ਦੇ ਕੇ ਕਿਹਾ, ਸੂਬੇ 'ਚ ਬਣਿਆ ਹਫੜਾ-ਦਫੜੀ ਦਾ ਮਾਹੌਲ
ਜੈਪੁਰ, 25 ਜੁਲਾਈ : ਰਾਜਸਥਾਨ 'ਚ ਜਾਰੀ ਸਿਆਸੀ ਘਮਾਸਾਨ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਜਸਥਾਨ ਇਕਾਈ ਦਾ ਇਕ ਵਫ਼ਦ ਸਨਿਚਰਵਾਰ ਸ਼ਾਮ ਨੂੰ ਰਾਜਪਾਲ ਕਲਰਾਜ ਮਿਸ਼ਰ ਨਾਲ ਮਿਲਿਆ। ਉਸ ਨੇ ਰਾਜਸਥਾਨ 'ਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋਣ ਦੀ ਗੱਲ ਕਰਦੇ ਹੋਏ ਰਾਜਪਾਲ ਨੂੰ ਇਕ ਮੰਗ ਪੱਤਰ ਦਿਤਾ।
ਭਾਜਪਾ ਸੂਬਾ ਪ੍ਰਧਾਨ ਸਤੀਸ਼ ਪੁਨਿਆ ਦੀ ਅਗਵਾਈ 'ਚ ਇਹ ਵਫ਼ਦ ਰਾਜਪਾਲ ਨਾਲ ਮਿਲਿਆ। ਰਾਜ ਭਵਨ ਦੇ ਬਾਹਰ ਭਾਜਪਾ ਆਗੂਆਂ ਨੇ ਸੂਬੇ 'ਚ ਬੀਤੇ ਦੋ ਦਿਨਾਂ ਦੇ ਸਿਆਸੀ ਘਮਾਸਾਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਲਾਇਆ। ਪੁਨਿਆ ਨੇ ਕਿਹਾ ਕਿ ਕਾਂਗਰਸ ਨੇ ਰਾਜ ਭਵਨ ਨੂੰ ਧਰਨੇ ਅਤੇ ਪ੍ਰਦਰਸ਼ਨ ਦਾ ਅਖਾੜਾ ਬਣਾ ਦਿਤਾ। ਉਨ੍ਹਾਂ ਕਾਂਗਰਸ ਵਲੋਂ ਸਨਿਚਰਵਾਰ ਨੂੰ ਜ਼ਿਲ੍ਹਾ ਮੁੱਖ ਦਫ਼ਤਰਾਂ 'ਤੇ ਕੀਤੇ ਗਏ ਧਰਨੇ ਪ੍ਰਦਰਸ਼ਨਾਂ ਦੇ ਟੀਚਿਆਂ 'ਤੇ ਵੀ ਸਵਾਲ ਚੁੱਕੇ।
ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ 'ਲੋਕਾਂ ਵਲੋਂ ਰਾਜ ਭਵਨ ਨੂੰ ਘੇਰਨ' ਸਬੰਧੀ ਬਿਆਨ ਦੀ ਆਲੋਚਨਾ ਕੀਤੀ। ਵਿਰੋਧੀ ਧਿਰ ਦੇ ਉਪ ਨੇਤਾ ਰਾਜੇਂਦਰ ਰਾਠੌਰ ਨੇ ਕਿਹਾ ਕਿ ਅੰਦਰੂਨੀ ਵਿਰੋਧ ਨਾਲ ਘਿਰੀ ਸਰਕਾਰ ਦੀ ਲੜਾਈ ਸੜਕ 'ਤੇ ਆ ਗਈ ਹੈ। ਭਾਜਪਾ ਨੇ ਅਪਣੇ ਮੰਗ ਪੱਤਰ ਵਿਚ ਕਿਹਾ ਹੈ ਕਿ ਸੱਤਾਧਾਰੀ ਧਿਰ ਦੇ ਅੰਦਰੂਨੀ ਵਿਰੋਧ ਕਾਰਨ ਪੂਰੇ ਰਾਜ ਵਿਚ ਹਫੜਾ-ਤਫ਼ੜੀ ਦਾ ਮਾਹੌਲ ਬਣਿਆ ਹੋਇਆ ਹੈ।
ਪਰ ਪਿਛਲੇ ਦੋ ਦਿਨਾਂ ਵਿਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਖ਼ੁਦ ਜਿਸ ਤਰ੍ਹਾਂ ਦੀ ਭਾਸ਼ਾ ਅਤੇ ਗਤੀਵਿਧੀਆਂ ਅਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਾਲ ਲੈ ਕੇ ਕੀਤੀ ਹੈ ਉਸ ਨਾਲ ਸੂਬੇ ਵਿਚ ਅਮਨ-ਕਾਨੂੰਨ ਨੂੰ ਖ਼ਤਮ ਹੋਣ ਦੀ ਸਥਿਤੀ ਬਣੀ ਹੋਈ ਹੈ। (ਪੀਟੀਆਈ)
ਜੇ ਲੋੜ ਪਈ ਤਾਂ ਰਾਸ਼ਟਰਪਤੀ ਭਵਨ ਤਕ ਜਾਵਾਂਗੇ : ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਨਿਚਰਵਾਰ ਨੂੰ ਕਿਹਾ ਕਿ ਜੇ ਸਾਨੂੰ ਲੋਕਤੰਤਰ ਨੂੰ ਬਚਾਉਣ ਲਈ ਮੌਜੂਦਾ ਸੰਘਰਸ਼ ਵਿਚ ਰਾਸ਼ਟਰਪਤੀ ਭਵਨ ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾਣਾ ਪਿਆ ਤਾਂ ਅਸੀਂ ਜਾਵਾਂਗੇ, ਅਸੀਂ ਇਸ ਤੋਂ ਖੁੰਝਣ ਵਾਲੇ ਨਹੀਂ ਹਾਂ। ਗਹਿਲੋਤ ਇਥੇ ਵਿਧਾਇਕ ਦਲ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਧਾਇਕਾਂ ਨੂੰ ਕਿਹਾ, “ਇਹ ਤੁਹਾਡੀ ਤਾਕਤ ਹੈ ਜਿਸ ਕਾਰਨ ਅਸੀਂ ਰਾਜ ਭਵਨ ਤਕ ਪਹੁੰਚੇ।
ਇਹ ਲੜਾਈ ਕਿਸ ਪੱਧਰ ਦੀ ਹੈ, ਕਿਸ ਮਕਸਦ ਲਈ ਹੈ ਇਹ ਤੁਹਾਡੇ ਸਾਹਮਣੇ ਹੈ। ਇਹ ਲੜਾਈ ਲੋਕਤੰਤਰ ਨੂੰ ਬਚਾਉਣ ਲਈ ਹੈ।'' ਗਹਿਲੋਤ ਨੇ ਕਿਹਾ, “''ਕਾਂਗਰਸ ਪਾਰਟੀ ਦਾ ਸੰਦੇਸ਼ ਪੂਰੇ ਦੇਸ਼ ਲਈ ਇਕ ਨਵਾਂ ਮੋੜ ਹੋ ਸਕਦਾ ਹੈ, ਉਹ ਲੜਾਈ ਅਸੀਂ ਲੜ ਰਹੇ ਹਾਂ। ਰਾਜਸਥਾਨ ਵਿਚ ਤੁਸੀਂ ਜਿਸ ਤਾਕਤ ਨਾਲ ਲੜ ਰਹੇ ਹੋ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿੱਤ ਤੁਹਾਡੇ ਸਾਰਿਆਂ ਦੀ ਹੋਵੇਗੀ।'' ”