ਤਾਲਾਬੰਦੀ ਦੌਰਾਨ ਅਦਾਲਤਾਂ 'ਚ ਰੀਕਾਰਡ 18 ਲੱਖ ਤੋਂ ਵਧੇਰੇ ਪਟੀਸ਼ਨਾਂ ਦਾਇਰ : ਜਸਟਿਸ ਚੰਦਰਚੂੜ
ਸੁਪਰੀਮ ਕੋਰਟ ਦੇ ਜਸਟਿਸ ਡੀ. ਵਾਈ ਚੰਦਰਚੂੜ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਜੁਲਾਈ ਮਹੀਨੇ
ਮੁੰਬਈ, 25 ਜੁਲਾਈ : ਸੁਪਰੀਮ ਕੋਰਟ ਦੇ ਜਸਟਿਸ ਡੀ. ਵਾਈ ਚੰਦਰਚੂੜ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਜੁਲਾਈ ਮਹੀਨੇ ਦਰਮਿਆਨ ਤਾਲਾਬੰਦੀ ਦੌਰਾਨ ਦੇਸ਼ ਭਰ ਦੀਆਂ ਅਦਾਲਤਾਂ 'ਚ 18 ਲੱਖ ਤੋਂ ਵਧੇਰੇ ਪਟੀਸ਼ਨਾਂ ਦਾਇਰ ਹੋਈਆਂ। ਉਨ੍ਹਾਂ ਕਿਹਾ ਕਿ ਬੇਹੱਦ ਹੀ ਖਰਾਬ ਹਾਲਾਤ ਵਿਚ ਸਥਾਪਤ ਕੀਤੀਆਂ ਗਈਆਂ ਡਿਜੀਟਲ ਅਦਾਲਤਾਂ ਹਮੇਸ਼ਾ ਨਹੀਂ ਰਹਿਣ ਵਾਲੀਆਂ ਹਨ ਅਤੇ ਹੌਲੀ-ਹੌਲੀ ਅਦਾਲਤਾਂ ਮੁੜ ਕੰਮ ਕਰਨਾ ਸ਼ੁਰੂ ਕਰਨਗੀਆਂ।
ਜਸਟਿਸ ਚੰਦਰਚੂੜ ਨੇ ਕਿਹਾ ਕਿ ਤਾਲਾਬੰਦੀ ਦੇ ਸਮੇਂ ਦੌਰਾਨ 24 ਮਾਰਚ ਤੋਂ 24 ਜੁਲਾਈ ਦਰਮਿਆਨ ਦੇਸ਼ ਭਰ 'ਚ 18,03,327 ਪਟੀਸ਼ਨਾਂ ਆਈਆਂ, ਜਿਨ੍ਹਾਂ 'ਚੋਂ 7,90,112 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਮਹਾਰਾਸ਼ਟਰ 'ਚ ਜ਼ਿਲ੍ਹਾ ਅਦਾਲਤਾਂ ਵਿਚ 2,22,43 ਮਾਮਲੇ ਆਏ, ਜਿਨ੍ਹਾਂ 'ਚੋਂ 61,986 ਨੂੰ ਮਹਾਮਾਰੀ ਦੇ ਗੰਭੀਰ ਸਾਏ ਦੇ ਬਾਵਜੂਦ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੁਤਾਬਕ ਡਿਜੀਟਲ ਅਦਾਲਤਾਂ ਕਾਰਨ ਆਫ਼ਤ ਦੇ ਇਸ ਸਮੇਂ ਦੇ ਬਾਵਜੂਦ ਨਿਆਂ ਪ੍ਰਣਾਲੀ ਨੂੰ ਭੰਗ ਨਹੀਂ ਕੀਤਾ ਗਿਆ।
ਜਸਟਿਸ ਚੰਦਰਚੂੜ ਨੇ ਉਨ੍ਹਾਂ ਚਿੰਤਾਵਾਂ 'ਤੇ ਵਿਰਾਮ ਲਾਇਆ ਕਿ ਡਿਜੀਟਲ ਅਦਾਲਤਾਂ ਨਿਯਮਿਤ ਅਦਾਲਤਾਂ ਦੀ ਥਾਂ ਲੈ ਲੈਣਗੀਆਂ। ਉਨ੍ਹਾਂ ਨੇ ਕਿਹਾ ਕਿ ਆਫ਼ਤ ਦੇ ਇਸ ਸਮੇਂ ਨਿਆਂ ਪ੍ਰਣਾਲੀ ਨੂੰ ਭੰਗ ਨਹੀਂ ਕੀਤਾ ਗਿਆ। ਪਰ ਖੁੱਲ੍ਹੀਆਂ ਅਦਾਲਤਾਂ 'ਚ ਸੁਣਵਾਈ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਨਿਯਮਿਤ ਸੁਣਵਾਈ ਲਈ ਜਾਈਏ, ਸਾਨੂੰ ਜਨਤਕ ਸਿਹਤ ਮਾਹਰਾਂ ਦੀ ਅਗਵਾਈ ਦੀ ਲੋੜ ਪਵੇਗੀ। (ਪੀਟੀਆਈ)