‘ਆਤਮ ਨਿਰਭਰ ਭਾਰਤ’ ਥੀਮ ਨਾਲ ਭਾਜਪਾ ਮਨਾਵੇਗੀ ਪੀਐਮ ਮੋਦੀ ਦਾ 70ਵਾਂ ਜਨਮਦਿਨ, ਜਾਣੋ ਕੀ ਹੋਵੇਗਾ ਖ਼ਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

17 ਸਤੰਬਰ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70 ਵਾਂ ਜਨਮ ਦਿਨ ਹੈ। ਭਾਜਪਾ ਵੱਲੋਂ ਇਸ ਦੇ ਜਸ਼ਨ ਲਈ ਯੋਜਨਾ ਬਣਾਈ ਜਾ ਰਹੀ ਹੈ।

Narendra Modi

ਨਵੀਂ ਦਿੱਲੀ: 17 ਸਤੰਬਰ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70 ਵਾਂ ਜਨਮ ਦਿਨ ਹੈ। ਭਾਜਪਾ ਵੱਲੋਂ ਇਸ ਦੇ ਜਸ਼ਨ ਲਈ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਚਲਦਿਆਂ ਮੰਗਲਵਾਰ ਨੂੰ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਜਨਰਲ ਸਕੱਤਰਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਠਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮਦਿਨ ਨੂੰ ਖ਼ਾਸ ਤਰੀਕੇ ਨਾਲ ਮਨਾਉਣ ਦਾ ਫੈਸਲਾ ਲਿਆ ਹੈ। ਇਸ ਦੌਰਾਨ 70 ਵੱਖ-ਵੱਖ ਸਥਾਨਾਂ ‘ਤੇ ਮਾਸਕ ਵੰਡੇ ਜਾਣਗੇ, ਖੂਨਦਾਨ ਕੈਂਪ ਲਗਾਏ ਜਾਣਗੇ, ਭੋਜਨ ਵੰਡਿਆ ਜਾਵੇਗਾ ਅਤੇ ਬੈਠਕਾਂ ਦਾ ਅਯੋਜਨ ਕੀਤਾ ਜਾਵੇਗਾ।

ਦਰਅਸਲ ਭਾਜਪਾ ਦੀ ਇਹ ਮੀਟਿੰਗ ਜਨਮ ਦਿਨ ਸਮਾਰੋਹ ਦੇ ਅਯੋਜਨ ‘ਤੇ ਚਰਚਾ ਨੂੰ ਲੈ ਕੇ ਸੱਦੀ ਗਈ ਸੀ। ਇਸ ਦੌਰਾਨ ਸੀਨੀਅਰ ਨੇਤਾਵਾਂ ਨੇ ਚਰਚਾ ਕੀਤੀ ਕਿ ਪੀਐਮ ਮੋਦੀ ਤੋਂ ਇਲਾਵਾ 25 ਸਤੰਬਰ ਨੂੰ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦਾ ਜਨਮ ਦਿਨ ਸਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਕਿਵੇਂ ਮਨਾਇਆ ਜਾਵੇ।

ਉੱਥੇ ਹੀ ਪੀਐਮ ਮੋਦੀ ਨੇ ਸੁਝਾਅ ਦਿੱਤਾ ਕਿ ਪਾਰਟੀ ਵਿਚਾਰਕ ਦੀਨਦਿਆਲ ਉਪਾਧਿਆਏ ਦੀ ਜਯੰਤੀ ਮੌਕੇ ਭਾਜਪਾ ਵੱਖ-ਵੱਖ ਭਾਸ਼ਾਵਾਂ ਵਿਚ ਇਹ ਪ੍ਰਕਾਸ਼ਿਤ ਕਰੇ ਕਿ ਕੋਰੋਨਾ ਕਾਲ ਵਿਚ ਉਹਨਾਂ ਨੇ ਕਿਹੜੀ ਸਮਾਜਿਕ ਅਤੇ ਲੋਕ ਅਨੁਕੂਲ ਗਤੀਵਿਧੀ ਕੀਤੀ ਹੈ।  ਇਕ ਸੁਝਾਅ ਇਹ ਵੀ ਆਇਆ ਹੈ ਕਿ ਪੀਐਮ ਮੋਦੀ ਦੇ ਜਨਮ ਦਿਨ ਤੋਂ ਲੈ ਕੇ ਮਹਾਮਤਾ ਗਾਂਧੀ ਦੇ ਜਨਮ ਦਿਨ ਤੱਕ ਆਤਮ ਨਿਰਭਰ ਭਾਰਤ ਬਾਰੇ ਮੁਹਿੰਮ ਚਲਾਈ ਜਾ ਸਕਦੀ ਹੈ।

ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੀ ਥੀਮ ਤਿੰਨ ਨੇਤਾਵਾਂ ਨੂੰ ਜੋੜਦੀ ਹੈ। ਹਾਲਾਂਕਿ ਹਾਲੇ ਇਹਨਾਂ ਪ੍ਰੋਗਰਾਮਾਂ ਬਾਰੇ ਅੰਤਿਮ ਫੈਸਲਾ ਲੈਣਾ ਬਾਕੀ ਹੈ। ਦੱਸ ਦਈਏ ਕਿ ਪਿਛਲੇ ਸਾਲ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ 14 ਸਤੰਬਰ ਤੋਂ 20 ਸਤੰਬਰ ਤੱਕ ਸੇਵਾ ਹਫ਼ਤਾ ਮਨਾਇਆ ਸੀ।