ਮੌਸਮ ਦਾ ਹਾਲ! ਸ਼ਨੀਵਾਰ ਤੱਕ ਦੇਸ਼ ਦੇ ਇਹਨਾਂ ਹਿੱਸਿਆਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼, ਅਲਰਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਤੱਕ ਪੂਰਬੀ, ਉੱਤਰ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Heavy rain

ਨਵੀਂ ਦਿੱਲੀ: ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਤੱਕ ਪੂਰਬੀ, ਉੱਤਰ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਨੇ 26 ਅਗਸਤ ਅਤੇ 27 ਅਗਸਤ ਨੂੰ ਦੇਸ਼ ਦੇ ਕੁਝ ਸੂਬਿਆਂ ਵਿਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ, ਬਿਹਾਰ, ਝਾਰਖੰਡ ਵਿਚ 28 ਅਗਸਤ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।

ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਵਿਚ 26 ਤੋਂ 28 ਅਗਸਤ ਵਿਚਕਾਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਕੌਮੀ ਮੌਸਮ ਸਬੰਧੀ ਅੰਦਾਜ਼ਾ ਲਗਾਉਣ ਵਾਲੇ ਕੇਂਦਰ ਦੀ ਮੁਖੀ ਸਤੀ ਦੇਵੀ ਨੇ ਕਿਹਾ ਕਿ ਉੱਤਰੀ, ਮੱਧ ਤੇ ਪੂਰਬੀ ਭਾਰਤ 'ਚ ਤੇਜ਼ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ ਦੇ ਕੁਝ ਦੂਰ-ਦਰਾਡੇ ਇਲਾਕਿਆਂ ਵਿਚ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਬੁੱਧਵਾਰ ਨੂੰ ਉੱਤਰ ਪ੍ਰਦੇਸ਼, ਦਿੱਲੀ, ਬੰਗਾਲ, ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਚੰਡੀਗੜ੍ਹ, ਪੰਜਾਬ, ਜੰਮੂ-ਕਸ਼ਮੀਰ ਤੇ ਲੱਦਾਖ ਦੇ ਕਈ ਇਲਾਕਿਆਂ 'ਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਧਰ ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਕ ਪਾਸੇ ਯਮੁਨਾ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਗਿਆ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਲਈ ਹਨੇਰੀ ਦੇ ਨਾਲ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਦੇ ਅਨੁਮਾਨ ਮੁਤਾਬਕ ਦਿੱਲੀ-ਐਨਸੀਆਰ ਵਿਚ ਕਈ ਥਾਵਾਂ ‘ਤੇ  ਭਾਰੀ ਬਾਰਿਸ਼ ਸੜਕਾਂ ਨੂੰ ਦਰਿਆ ਵਿਚ ਬਦਲ ਸਕਦੀ ਹੈ।