ਗਲਤ ਹੱਥਾਂ ਵਿਚ ਨਹੀਂ ਜਾਵੇਗਾ PM ਕਿਸਾਨ ਯੋਜਨਾ ਦਾ ਪੈਸਾ, ਸਰਕਾਰ ਕਰ ਰਹੀ ਹੈ ਇਹ ਇੰਤਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲਤ ਤਰੀਕੇ ਨਾਲ ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨਵੀਂ ਯੋਜਨਾ ਤਿਆਰ ਕਰ ਰਹੀ ਹੈ।

Farmer

ਨਵੀਂ ਦਿੱਲੀ: ਗਲਤ ਤਰੀਕੇ ਨਾਲ ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਸਰਕਾਰ ਅਜਿਹੇ ਲੋਕਾਂ ਦੀ ਪਛਾਣ ਕਰਨ ਲਈ ਯੋਜਨਾ ਬਣਾ ਰਹੀ ਹੈ ਜੋ ਪੀਐਮ ਕਿਸਾਨ ਸਕੀਮ ਦੇ ਪਾਤਰ ਨਹੀਂ ਹਨ ਪਰ ਉਹ ਗਲਤ ਤਰੀਕੇ ਨਾਲ ਇਸ ਦਾ ਫਾਇਦਾ ਚੁੱਕ ਰਹੇ ਹਨ। ਇਹਨਾਂ ਵਿਚ ਮੌਜੂਦਾ ਅਤੇ ਸਾਬਕਾ ਕਰਮਚਾਰੀ ਵੀ ਸ਼ਾਮਲ ਹਨ।

ਖੇਤੀਬਾੜੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਅਜਿਹੇ ਲੋਕਾਂ ਦੀ ਪਛਾਣ ਲਈ ਅਸੀਂ ਰਾਜ ਸਰਕਾਰਾਂ ਦੇ ਨਾਲ ਸਲਾਹ ਮਸ਼ਵਰੇ ਲਈ ਇਕ ਵਿਧੀ ਤਿਆਰ ਕਰ ਰਹੇ ਹਾਂ। ਅਸੀਂ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਅਜਿਹੇ ਕਰਦਾਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ, ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ’।  ਉਹਨਾਂ ਕਿਹਾ ਕਿ ਸਰਕਾਰ ਨੂੰ ਜਾਣਕਾਰੀ ਮਿਲੀ ਹੈ ਕਿ ਕੇਂਦਰ ਅਤੇ ਸੂਬਿਆਂ ਦੇ ਕਈ ਮੌਜੂਦਾ ਅਤੇ ਸਾਬਕਾ ਕਰਮਚਾਰੀ ਪੀਐਮ ਕਿਸਾਨ ਯੋਜਨਾ ਦਾ ਫਾਇਦਾ ਚੁੱਕ ਰਹੇ ਹਨ।

ਅਧਿਕਾਰੀ ਨੇ ਕਿਹਾ, ‘ਅਸੀਂ ਇਸ ਬਾਰੇ ਕੇਂਦਰੀ ਕਰਮਚਾਰੀਆਂ ਦੇ ਅੰਕੜਿਆਂ ਨੂੰ ਸਾਂਝਾ ਕਰਨ ਲਈ ਵਿੱਤ ਮੰਤਰਾਲੇ ਅਧੀਨ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐਫਐਮਐਸ) ਨੂੰ ਲਿਖਿਆ ਹੈ। ਇਸ ਦਾ ਪੀਐਮ-ਕਿਸਾਨ ਦੀ ਲਾਭਪਾਤਰੀ ਸੂਚੀ ਨਾਲ ਮਿਲਾਣ ਕੀਤਾ ਜਾਵੇਗਾ ਅਤੇ ਅਜਿਹੇ ਕੇਂਦਰੀ ਕਰਮਚਾਰੀਆਂ ਦੀ ਪਛਾਣ ਹੋ ਜਾਵੇਗੀ ਜੋ ਇਸ ਦਾ ਲਾਭ ਲੈ ਰਹੇ ਹਨ। ਇਸ ਬਾਰੇ ਰਾਜ ਸਰਕਾਰਾਂ ਨੂੰ ਵੀ ਲਿਖਿਆ ਜਾਵੇਗਾ’।

ਖੇਤੀਬਾੜੀ ਵਿਭਾਗ ਨੇ ਹਾਲ ਹੀ ਵਿਚ ਇਨਕਮ ਟੈਕਸ ਵਿਭਾਗ ਦੇ ਨਾਲ ਇਕ ਵਿਵਸਥਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਕਰਦਾਤਾਵਾਂ ਦੀ ਪਛਾਣ ਕੀਤੀ ਜਾਵੇਗੀ ਜੋ ਪੀਐਮ-ਕਿਸਾਨ ਯੋਜਨਾ ਦਾ ਫਾਇਦਾ ਚੁੱਕ ਰਹੇ ਹਨ। ਪੀਐਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਵਿਚ 6000 ਰੁਪਏ ਦਿੱਤੇ ਜਾਂਦੇ ਹਨ। ਕਰਦਾਤਾ, ਸੇਵਾ-ਮੁਕਤ ਅਤੇ ਮੌਜੂਦਾ ਕਰਮਚਾਰੀਆਂ ਤੋਂ ਇਲਾਵਾ ਡਾਕਟਰ, ਵਕੀਲ ਅਤੇ ਸੰਸਦ ਮੈਂਬਰ ਆਦਿ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।