ਮਾਪਿਆਂ ਦੇ ਹੌਸਲੇ ਨੂੰ ਸਲਾਮ,16 ਮਹੀਨਿਆਂ ਦੇ ਬੱਚੇ ਦੇ ਕੀਤੇ ਅੰਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਚਾਈ ਹੋਰਨਾਂ ਬੱਚਿਆਂ ਦੀ ਜ਼ਿੰਦਗੀ

16-month-old child donates organs

 

ਨਵੀਂ ਦਿੱਲੀ: 16 ਮਹੀਨੇ ਦੇ ਬੱਚੇ ਦੇ ਅੰਗਦਾਨ ਨੇ ਦੋ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਸ ਦੇ ਦਿਲ ਦਾ ਵਾਲਵ ਅਤੇ ਕੋਰਨੀਆ ਨਾਲ ਦੋ ਬੱਚੇ ਇਹ ਦੁਨੀਆ ਦੇਖ ਸਕਣਗੇ। 16 ਮਹੀਨੇ ਦੇ ਰਿਸ਼ਾਂਤ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। 5 ਭੈਣਾਂ ਤੋਂ ਬਾਅਦ ਰਿਸ਼ਾਂਤ ਦੇ ਜਨਮ 'ਤੇ ਪੂਰਾ ਪਰਿਵਾਰ ਖੁਸ਼ ਸੀ ਪਰ 16 ਮਹੀਨਿਆਂ ਬਾਅਦ ਉਨ੍ਹਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ।

 

ਰਿਸ਼ਾਂਤ ਛੱਤ ਤੋਂ ਡਿੱਗ ਗਿਆ। ਇਲਾਜ ਦੌਰਾਨ ਬ੍ਰੇਨ ਡੈੱਡ ਦੀ ਹਾਲਤ 'ਚ ਪਹੁੰਚ ਗਿਆ। ਅਜਿਹੇ 'ਚ ਪਰਿਵਾਰ ਨੇ ਹਿੰਮਤ ਦਿਖਾਈ ਅਤੇ ਇੰਨੇ ਛੋਟੇ ਬੱਚੇ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਹੁਣ ਰਿਸ਼ਾਂਤ ਦਿੱਲੀ-ਐਨਸੀਆਰ ਦਾ ਸਭ ਤੋਂ ਘੱਟ ਉਮਰ ਦਾ ਡੋਨਰ ਬਣ ਗਿਆ ਹੈ। ਏਮਜ਼ ਟਰਾਮਾ ਸੈਂਟਰ ਦੇ ਨਿਊਰੋਸਰਜਨ ਅਤੇ ਅੰਗਦਾਨ ਪ੍ਰੋਗਰਾਮ ਦੇ ਮੋਹਰੀ ਡਾ. ਦੀਪਕ ਗੁਪਤਾ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਏਮਜ਼ ਟਰਾਮਾ ਸੈਂਟਰ ਵਿੱਚ 10 ਅੰਗ ਦਾਨ ਕੀਤੇ ਜਾ ਚੁੱਕੇ ਹਨ।

 

ਔਸਤਨ, ਘੱਟੋ-ਘੱਟ ਇੱਕ ਅੰਗ ਦਾਨ ਦੋ ਤੋਂ ਤਿੰਨ ਜਾਨਾਂ ਬਚਾਉਂਦਾ ਹੈ। ਅਜਿਹੇ 'ਚ ਚਾਰ ਮਹੀਨਿਆਂ 'ਚ 30 ਤੋਂ ਜ਼ਿਆਦਾ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। 
ਬੱਚੇ ਦੇ ਪਿਤਾ ਉਪੇਂਦਰ ਰਾਏ ਨੇ ਦੱਸਿਆ ਕਿ ਡਾਕਟਰ ਨੇ ਮੈਨੂੰ ਰਾਉਲੀ ਪ੍ਰਜਾਪਤੀ ਦੇ ਅੰਗ ਦਾਨ ਕਰਨ ਵਾਲੇ ਮਾਪਿਆਂ ਦੀ ਵੀਡੀਓ ਦਿਖਾਈ। ਮੈਂ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਜੇਕਰ ਸਾਡੇ ਬੱਚੇ ਦੇ ਅੰਗ ਦਾਨ ਕਰਨ ਨਾਲ ਚਾਰ ਘਰਾਂ ਦੇ ਚਿਰਾਗ ਜਗਦੇ ਹਨ ਤਾਂ ਕੀ ਪਰੇਸ਼ਾਨੀ ਹੈ।

ਅਸੀਂ ਆਪਣੇ ਬੱਚੇ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਉਪੇਂਦਰ ਨੇ ਕਿਹਾ ਕਿ ਰਿਸ਼ਾਂਤ ਸਾਡੀਆਂ ਅੱਖਾਂ ਦਾ ਤਾਰਾ ਸੀ। ਬਦਕਿਸਮਤੀ ਨਾਲ ਅਸੀਂ ਉਸ ਨੂੰ ਹਮੇਸ਼ਾ ਲਈ ਗੁਆ ਦਿੱਤਾ। ਇਸ ਦੇ ਬਾਵਜੂਦ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਅੰਗਦਾਨ ਕਰਨ ਨਾਲ ਹੋਰਨਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਅਸੀਂ ਅੰਗ ਦਾਨ ਕਰਨ ਦਾ ਫੈਸਲਾ ਕੀਤਾ।