ਘੱਟਗਿਣਤੀ ਵਿਦਿਆਰਥੀ ਨੂੰ ਸਹਿਪਾਠੀਆਂ ਤੋਂ ਕੁਟਵਾਉਣ ਦਾ ਮਾਮਲਾ : ਅਧਿਆਪਿਕਾ ਵਿਰੁਧ ਐਫ਼.ਆਈ.ਆਰ. ਦਰਜ
ਕੌਮੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਵੀਡੀਉ ਸਾਂਝਾ ਨਾ ਕਰਨ ਦੀ ਅਪੀਲ
ਮੁਜੱਫ਼ਰਨਗਰ/ਲਖਨਊ: ਉੱਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਥਾਣਾ ਖੇਤਰ ਦੇ ਇਕ ਨਿਜੀ ਸਕੂਲ ’ਚ ਵਿਦਿਆਰਥੀਆਂ ਨੂੰ ਅਪਣੇ ਘੱਟਗਿਣਤੀ ਸਹਿਪਾਠੀ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਲਈ ਕਹਿਣ ਵਾਲੀ ਅਧਿਆਪਿਕਾ ਵਿਰੁਧ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਮੁਜੱਫ਼ਰਨਗਰ ਪੁਲਿਸ ਵਲੋਂ ਜਾਰੀ ਇਕ ਬਿਆਨ ’ਚ ਦਸਿਆ ਗਿਆ ਹੈ ਕਿ ਖੁੱਬਾਪੁਰ ਪਿੰਡ ਸਥਿਤ ਸਕੂਲ ਦੀ ਅਧਿਆਪਿਕਾ ਵਲੋਂ ਇਕ ਵਿਦਿਆਰਥੀ ਵਲੋਂ ਸਕੂਲ ਦਾ ਕੰਮ ਨਾ ਕਰਨ ’ਤੇ ਉਸ ਨੂੰ ਜਮਾਤ ਦੇ ਹੋਰ ਵਿਦਿਆਥੀਆਂ ਤੋਂ ਕੁਟਵਾਉਣ ਅਤੇ ਉਸ ਵਿਰੁਧ ਇਤਰਾਜ਼ਯੋਗ ਟਿਪਣੀ ਕਰਨ ਦੀ ਘਟਨਾ ਬਾਬਤ ਪੀੜਤ ਵਿਦਿਆਰਥੀ ਦੇ ਰਿਸ਼ਤੇਦਾਰਾਂ ਦੀ ਤਹਿਰੀਰ ’ਤੇ ਮੰਸਰਪੁਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਜਦਕਿ ਮੁਲਜ਼ਮ ਅਧਿਆਪਿਕਾ ਨੇ ਸਫ਼ਾਈ ਦਿਤੀ ਹੈ ਕਿ ਜੋ ਵੀਡੀਉ ਵਾਇਰਲ ਹੋਇਆ ਹੈ ਉਸ ਨਾਲ ਛੇੜਛਾੜ ਕੀਤੀ ਗਈ ਹੈ।
ਉਧਰ ਕੌਮੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ (ਐੱਨ.ਸੀ.ਪੀ.ਸੀ.ਆਰ.) ਨੇ ਲੋਕਾਂ ਨੂੰ ਬੱਚੇ ਦਾ ਵੀਡੀਉ ਸਾਂਝਾ ਕਰ ਕੇ ਉਸ ਦੀ ਪਛਾਣ ਦਾ ਪ੍ਰਗਟਾਵਾ ਨਾ ਕਰਨ ਦੀ ਅਪੀਲ ਕੀਤੀ ਹੈ। ਐੱਨ.ਸੀ.ਪੀ.ਸੀ.ਆਰ. ਦੇ ਪ੍ਰਧਾਨ ਪ੍ਰਿਆਂਕ ਕਾਨੂੰਨਗੋ ਨੇ ਕਿਹਾ ਕਿ ਮਾਮਲੇ ’ਚ ਕਾਰਵਾਈ ਲਈ ਹੁਕਮ ਜਾਰੀ ਕੀਤੇ ਜਾ ਰਹੇ ਹਨ।
ਬਿਆਨ ਮੁਤਾਬਕ ਸਥਾਨਕ ਪੁਲਿਸ ਮਾਮਲੇ ’ਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਬਿਆਨ ’ਚ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਅਧਿਆਪਿਪਕਾ ਵਿਰੁਧ ਕਿਨ੍ਹਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਵਿਦਿਆਰਥੀ ਦੀ ਪਿਟਾਈ ਦਾ ਕਥਿਤ ਵੀਡੀਉ ਮੁਜੱਫ਼ਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਥਾਣਾ ਖੇਤਰ ਦੇ ਖੁੱਬਾਪੁਰ ਸਥਿਤ ਪਿੰਡ ਦੇ ਇਕ ਨਿਜੀ ਸਕੂਲ ਦਾ ਦਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਸ਼ੁਕਰਵਾਰ ਨੂੰ ਦੂਜੀ ਜਮਾਤ ’ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੂੰ ਉਸ ਦੀ ਜਮਾਤ ਦੇ ਹੋਰ ਵਿਦਿਆਰਥੀਆਂ ਨੇ ਅਧਿਆਪਿਕਾ ਦੇ ਕਹਿਣ ’ਤੇ ਥੱਪੜ ਮਾਰੇ। ਇਹ ਵੀ ਦੋਸ਼ ਹੈ ਕਿ ਵੀਡੀਉ ’ਚ ਇਕ ਫ਼ਿਰਕੇ ਵਿਸ਼ੇਸ਼ ਵਿਰੁਧ ਇਤਰਾਜ਼ਯੋਗ ਟਿਪਣੀ ਕੀਤੀ ਗਈ ਹੈ।
ਮੁਜੱਫ਼ਰਨਗਰ ਦੇ ਜ਼ਿਲ੍ਹਾ ਬੇਸਿਕ ਸਿਖਿਆ ਅਧਿਕਾਰੀ (ਬੀ.ਐਸ.ਏ.) ਸ਼ੁਭਮ ਸ਼ੁਕਲਾ ਨੇ ਕਿਹਾ ਕਿ ਅਧਿਆਪਿਕਾ ਤ੍ਰਿਪਤੀ ਤਿਆਗੀ ਵਿਰੁਧ ਜਾਂਚ ਟੀਮ ਦੀ ਰੀਪੋਰਟ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨ ਵਿਰੁਧ ਅਪਰਾਧਕ ਮਾਮਲਾ ਦਰਜ ਕਰਨ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰਕ ਜਾਂਚ ਟੀਮ ਮੌਕੇ ’ਤੇ ਪਹੁੰਚ ਗਈ ਹੈ।
ਘਟਨਾ ਦਾ ਵੀਡੀਉ ਵਾਇਰਲ ਹੋਣ ਮਗਰੋਂ ਪਿੰਡ ’ਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਸਿਖਿਆ ਵਿਭਾਗ ਦੀ ਜੋ ਟੀਮ ਮੌਕੇ ’ਤੇ ਪੁੱਜੀ ਹੈ, ਉਸ ਨੂੰ ਵੀ ਜਾਂਚ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਉ ਦਾ ਨੋਟਿਸ ਲੈਂਦਿਆਂ ਪੁਲਿਸ ਅਧਿਕਾਰੀ ਰਵੀਸ਼ੰਕਰ ਨੇ ਕਿਹਾ ਕਿ ਵੀਡੀਉ ਦੀ ਜਾਂਚ ’ਚ ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਦਾ ਕੰਮ ਪੂਰਾ ਨਾ ਕਰਨ ’ਤੇ ਵਿਦਿਆਰਥੀ ਦੀ ਕੁਟਮਾਰ ਕੀਤੀ ਗਈ ਸੀ ਅਤੇ ਇਸ ’ਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਕਹੀ ਗਈ ਹੈ।
ਵਿਦਿਆਰਥੀ ਦੀ ਸਹਿਪਾਠੀਆਂ ਵਲੋਂ ਕੁਟ ਕਰਵਾਉਣ ਦਾ ਵੀਡੀਉ ਵਾਇਰਲ, ਯੂ.ਪੀ. ’ਚ ਸਿਆਸੀ ਤੂਫ਼ਾਨ
ਮੁਜੱਫ਼ਰਨਗਰ/ਲਖਨਊ: ਉੱਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਥਾਣਾ ਖੇਤਰ ਦੇ ਇਕ ਨਿਜੀ ਸਕੂਲ ’ਚ ਵਿਦਿਆਰਥੀਆਂ ਨੂੰ ਅਪਣੇ ਘੱਟਗਿਣਤੀ ਸਹਿਪਾਠੀ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਲਈ ਕਹਿਣ ਵਾਲੀ ਅਧਿਆਪਿਕਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਉੱਤਰ ਪ੍ਰਦੇਸ਼ ’ਚ ਸਿਆਸੀ ਤੂਫ਼ਾਨ ਪੈਦਾ ਹੋ ਗਿਆ ਹੈ।
ਸਮਾਜਵਾਦੀ ਪਾਰਟੀ (ਐਸ.ਪੀ.) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਸ ਅਧਿਆਪਿਕਾ ਨੂੰ ਤੁਰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਜਿਸ ਨੇ ਅਪਣੇ ਵਿਦਿਆਰਥੀਆਂ ਨੂੰ ਘੱਟਗਿਣਤੀ ਫਿਰਕੇ ਦੇ ਇਕ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਲਈ ਕਿਹਾ ਸੀ।
ਸੋਸ਼ਲ ਮੀਡਆ ਮੰਚ ‘ਐਕਸ’ ’ਤੇ ਸਮਾਜਵਾਦੀ ਪਾਰਟੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ’ਤੇ ਨਿਸ਼ਾਨਾ ਲਾਉਂਦਿਆਂ ਕਿਹਾ, ‘‘ਭਾਜਪਾ ਅਤੇ ਆਰ.ਐੱਸ.ਐੱਸ. ਦੀ ਨਫ਼ਰਤੀ ਸਿਆਸਤ , ਦੇਸ਼ ਨੂੰ ਇਥੇ ਲੈ ਆਈ! ਮੁਜੱਫ਼ਰਨਗਰ ’ਚ ਇਕ ਅਧਿਆਪਿਕਾ ਘੱਟਗਿਣਤੀ ਸਮਾਜ ਦੇ ਬੱਚੇ ਨੂੰ ਦੂਜੇ ਬੱਚਿਆਂ ਤੋਂ ਥੱਪੜ ਮਰਵਾ ਰਹੀ ਹੈ। ਮਾਸੂਮਾਂ ਦੇ ਮਲ ’ਚ ਜ਼ਹਿਰ ਘੋਲਣ ਵਾਲੀ ਅਧਿਆਪਿਕਾ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ। ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।’’
ਹਾਲਾਂਕਿ ਸਮਾਜਵਾਦੀ ਪਾਰਟੀ ਪ੍ਰਧਾਨ ਦੇ ਬਿਆਨ ’ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਸੂਬੇ ਦੇ ਭਾਜਪਾ ਬੁਲਾਰੇ ਹਰੀਸ਼ਚੰਦਰ ਸ੍ਰੀਵਾਸਤਵ ਨੇ ਕਿਹਾ, ‘‘ਸਮਾਜਵਾਦੀ ਪਾਰਟੀ ਮੁਖੀ ਦਾ ਮੁਜੱਫ਼ਰਨਗਰ ਦੇ ਸਕੂਲ ਦੀ ਘਟਨਾ ਨੂੰ ਲੈ ਕੇ ਕੀਤਾ ਗਿਆ ਟਵੀਟ ਵੋਟ ਦੀ ਸਿਆਸਤ ਹੈ ਅਤੇ ਸਮਾਜ ’ਚ ਦੁਸ਼ਮਣੀ ਪੈਦਾ ਕਰਨ ਦਾ ਨਫ਼ਰਤੀ ਸਿਆਸੀ ਏਜੰਡਾ ਹੈ।’’
ਸ੍ਰੀਵਾਸਤਵ ਨੇ ਅੱਗੇ ਕਿਹਾ, ‘‘ਅਸੀਂ ਸਾਰੇ ਵਿਦਿਆਰਥੀ ਪਹਾੜਾ ਯਾਦ ਨਾ ਕਰਨ, ਗਣਿਤ ਦੇ ਸਵਾਲ ਸਹੀ ਹੱਲ ਨਾਂ ਕਰਨ ਜਾਂ ਲਿਖਾਵਟ ਚੰਗੀ ਨਾ ਹੋਣ ਕਾਰਨ ਸਕੂਲ ’ਚ ਅਧਿਆਪਕਾਂ ਵਲੋਂ ਸਜ਼ਾ ਦਿਤੇ ਜਾਂਦੇ ਰਹੇ ਹਾਂ। ਇਹ ਵਿਦਿਆਰਥੀਆਂ ਨੂੰ ਅਨੁਸ਼ਾਸਨ ’ਚ ਲਿਆਉਣ ਲਈ ਅਤੇ ਉਨ੍ਹਾਂ ਦੀ ਮੁਹਾਰਤ ਨੂੰ ਨਿਖਾਰਨ ਦੀ ਸਹਿਜ ਪ੍ਰਕਿਰਿਆ ਹੈ। ਪਰ ਹੋਰ ਵਿਦਿਆਰਥੀਆਂ ਤੋਂ ਸਜ਼ਾ ਦਿਵਾਉਣਾ ਗ਼ਲਤ ਹੈ। ਪੁਲਿਸ ਪ੍ਰਸ਼ਾਸਨ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਬੰਧਤ ਅਧਿਆਪਿਕਾ ਵਿਰੁਧ ਕਾਰਵਾਈ ਯਕੀਨੀ ਕੀਤੀ ਜਾਵੇਗੀ।’’
ਜਦਕਿ ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਅਧਿਆਪਕ ਉਹ ਮਾਲੀ ਹੈ ਜੋ ਪ੍ਰਾਥਮਿਕ ਸੰਸਕਾਰਾਂ ’ਚ ਗਿਆਨ ਰੂਪੀ ਖਾਦ ਪਾ ਕੇ ਸ਼ਖ਼ਸੀਅਤ ਹੀ ਨਹੀਂ, ਦੇਸ਼ ਵੀ ਬਣਾਉਂਦਾ ਹੈ। ਇਸ ਲਈ ਗੰਧਲੀ ਸਿਆਸਤ ਤੋਂ ਪਰ੍ਹੇ ਇਕ ਅਧਿਆਪਕ ਤੋਂ ਉਮੀਦਾਂ ਕਿਤੇ ਜ਼ਿਆਦਾ ਹਨ। ਦੇਸ਼ ਦੇ ਭਵਿੱਖ ਦਾ ਸਵਾਲ ਹੈ।’’
ਉਧਰ ਦਿੱਲੀ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਇਹ ਭਾਜਪਾ ਦੀ ਨਫ਼ਰਤ ਦੀ ਸਿਆਸਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਸ਼ ਦੇ ਅਕਸ ਨੂੰ ਖ਼ਰਾਬ ਕਰਦੀਆਂ ਹਨ। ਉਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਤਾਕਿ ਕੋਈ ਵੀ ਇਸ ਨੂੰ ਦੁਹਰਾਉਣ ਦੀ ਕੋਸ਼ਿਸ਼ ਨਾ ਕਰੇ।
ਜਦਕਿ ਮੁੰਬਈ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਸ਼ਰਦ ਪਵਾਰ ਵਾਲੇ ਧੜੇ ਨੇ ਇਸ ਘਟਨਾ ’ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ‘ਚੁੱਪੀ’ ’ਤੇ ਸਵਾਲ ਕੀਤਾ ਹੈ। ਇਰਾਨੀ ਔਰਤ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਮੁਖੀ ਹਨ। ਪਾਰਟੀ ਨੇ ਇਹ ਯਕੀਨੀ ਕਰਨ ਲਈ ਅਧਿਆਪਕ ਵਿਰੁਧ ਸਖ਼ਤ ਸਜ਼ਾ ਦੀ ਵੀ ਮੰਗ ਕੀਤੀ ਕਿ ਬੱਚਿਆਂ ਵਿਰੁਧ ਅਜਿਹੇ ਅਪਰਾਧ ਮੁੜ ਨਾ ਹੋਣ।