Sourav Bhardwaj ਦੇ ਘਰ ਪਈ ਈਡੀ ਦੀ ਰੇਡ ਨੂੰ ‘ਆਪ' ਆਗੂਆਂ ਨੇ ਦੱਸਿਆ ਇਕ ਡਰਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਮੋਦੀ ਦੀ ਡਿਗਰੀ ਤੋਂ ਧਿਆਨ ਭਟਕਾਉਣ ਲਈ ਈਡੀ ਵੱਲੋਂ ਕੀਤੀ ਗਈ ਰੇਡ

AAP leaders term ED raid on Sourav Bhardwaj's house as a drama

Sourav Bhardwaj news : ‘ਆਪ’ ਆਗੂ ਸੌਰਵ ਭਾਰਦਵਾਜ ਦੇ ਘਰ ਅੱਜ ਈਡੀ ਵੱਲੋਂ ਰੇਡ ਕੀਤੀ ਗਈ। ਈਡੀ ਵੱਲੋਂ ਕੀਤੀ ਇਸ ਰੇਡ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਗਏ। ਈਡੀ ਦੀ ਰੇਡ ਸਬੰਧੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਈਡੀ ਦੀ ਰੇਡ ਸਿਰਫ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਅਤੇ ਉਸ ਪਾਸੇ ਤੋਂ ਧਿਆਨ ਹਟਾਉਣ ਲਈ ਈਡੀ ਵੱਲੋਂ ਸੌਰਵ ਭਾਰਦਵਾਜ ਦੇ ਘਰ ਛਾਪਾ ਮਾਰਿਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਅੱਜ ਸੌਰਵ ਭਾਰਦਵਾਜ ਦੇ ਘਰ ਛਾਪਾ ਕਿਉਂ ਮਾਰਿਆ ਗਿਆ? ਕਿਉਂਕਿ ਦੇਸ਼ ਭਰ ’ਚ ਮੋਦੀ ਦੀ ਡਿਗਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਕੀ ਮੋਦੀ ਦੀ ਡਿਗਰੀ ਜਾਅਲੀ ਹੈ? ਇਸ ਚਰਚਾ ਤੋਂ ਧਿਆਨ ਹਟਾਉਣ ਲਈ ਛਾਪਾ ਮਾਰਿਆ ਗਿਆ। ਉਨ੍ਹਾਂ ਅੱਗੇ ਲਿਖਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਉਸ ਸਮੇਂ ਸੌਰਵ ਭਾਰਦਵਾਜ ਮੰਤਰੀ ਵੀ ਨਹੀਂ ਸਨ।

ਇਸੇ ਤਰ੍ਹਾਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਲਿਖਿਆ ਕਿ ‘ਕੱਲ ਤੋਂ ਪੂਰੇ ਦੇਸ਼ ’ਚ ਮੋਦੀ ਦੀ ਡਿਗਰੀ ਨੂੰ ਲੈ ਕੇ ਚਰਚਾ ਹੈ,’ ਇਹ ਰੇਡ ਉਸ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਈਡੀ ਵੱਲੋਂ ਰੇਡ’  ਕਿਉਂਕਿ ਇਸ ਸਮੇਂ ਮੋਦੀ ਦੀ ਡਿਗਰੀ ਨੂੰ ਲੈ ਪੂਰੇ ਦੇਸ਼ ਅੰਦਰ ਚਰਚਾ ਹੈ।

ਉਧਰ ਦਿੱਲੀ ਦੀ ਰੇਖਾ ਗੁਪਤਾ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਈਡੀ ਦੀ ਰੇਡ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੌਰਵ ਭਾਰਦਵਾਜ ਜੋ ਇਸ ਸਮੇਂ ਦਿੱਲੀ ‘ਆਪ’ ਦੇ ਪ੍ਰਧਾਨ ਹਨ, ਇਨ੍ਹਾਂ ਨੇ ਦਿੱਲੀ ’ਚ 13 ਹਸਪਤਾਲ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ, ਨਾ ਤਾਂ ਇਹ ਹਸਪਤਾਲ ਬਣੇ ਬਲਕਿ ਇਨ੍ਹਾਂ ਵੱਲੋਂ ਕਰੋੜਾਂ ਰੁਪਏ ਦੀ ਮਸ਼ੀਨਰੀ ਲਿਆ ਕੇ ਇਥੇ ਡੰਪ ਕੀਤੀ ਗਈ ਜੋ ਚੱਲਣ ਦੇ ਯੋਗ ਹੀ ਨਹੀਂ ਸੀ। ਇਨ੍ਹਾਂ ਆਗੂਆਂ ਵੱਲੋਂ ਹੁਣ ਪੰਜਾਬ ਅੰਦਰ ਵੀ ਇਸੇ ਤਰ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ ਸਮਾਂ ਆਉਣ ’ਤੇ ਪੰਜਾਬ ਦੇ ਮਾਮਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ।