‘ਗੁਰੂ ਬ੍ਰਹਮਾ...’ ਦਾ ਜਾਪ ਬੇਕਾਰ, ਜੇ ਅਧਿਆਪਕਾਂ ਨੂੰ ਮਾਮੂਲੀ ਤਨਖ਼ਾਹ ਦੇਣੀ ਹੈ : ਸੁਪਰੀਮ ਕੋਰਟ
ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਮਿਲਣੀ ਚਾਹੀਦੀ ਹੈ-ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਧਿਆਪਕਾਂ ਨਾਲ ਹੋ ਰਹੇ ਸਲੂਕ ਉਤੇ ਦੁੱਖ ਜ਼ਾਹਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਘੱਟ ਤਨਖਾਹ ਮਿਲ ਰਹੀ ਹੈ ਤਾਂ ਸਿਰਫ ‘ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰ’ ਦਾ ਪਾਠ ਕਰਨਾ ਬੇਕਾਰ ਹੈ। ਅਦਾਲਤ ਨੇ ਕਿਹਾ ਭਵਿੱਖ ਨੂੰ ਰੂਪ ਦੇਣ ਵਾਲਿਆਂ ਨੂੰ ਚੰਗੀ ਤਨਖਾਹ ਮਿਲਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਇਹ ਟਿਪਣੀ ਗੁਜਰਾਤ ਸਰਕਾਰ ਵਲੋਂ ਸਹਾਇਕ ਪ੍ਰੋਫ਼ੈਸਰਾਂ ਨੂੰ ਘੱਟ ਤਨਖ਼ਾਹ ਦੇਣ ਦੇ ਮਾਮਲੇ ’ਚ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਦੇ ਹਨ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਹਾਈ ਕੋਰਟ ਦੇ ਉਸ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸਹਾਇਕ ਪ੍ਰੋਫ਼ੈਸਰਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਿਤੀ ਜਾਣੀ ਚਾਹੀਦੀ ਹੈ।
ਗੁਜਰਾਤ ਸਰਕਾਰ ਠੇਕੇ ਉਤੇ ਕੰਮ ਕਰ ਰਹੇ ਸਹਾਇਕ ਪ੍ਰੋਫੈਸਰਾਂ ਨੂੰ ਸਿਰਫ 30,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਹੀ ਹੈ, ਜੋ ਐਡਹਾਕ ਅਤੇ ਰੈਗੂਲਰ ਐਸੋਸੀਏਟ ਪ੍ਰੋਫੈਸਰਾਂ ਵਾਂਗ ਹੀ ਡਿਊਟੀ ਨਿਭਾਉਂਦੇ ਹਨ। ਐਡਹਾਕ ਪ੍ਰੋਫ਼ੈਸਰਾਂ ਨੂੰ 1.2 ਲੱਖ ਰੁਪਏ ਪ੍ਰਤੀ ਮਹੀਨਾ ਅਤੇ ਰੈਗੂਲਰ ਪ੍ਰੋਫ਼ੈਸਰਾਂ ਨੂੰ 1.4 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਅਦਾਲਤ ਨੂੰ ਦਸਿਆ ਗਿਆ ਕਿ 2,720 ਅਸਾਮੀਆਂ ਵਿਚੋਂ ਸਿਰਫ਼ 923 ਅਸਾਮੀਆਂ ਰੈਗੂਲਰ ਸਟਾਫ਼ ਵਲੋਂ ਭਰੀਆਂ ਗਈਆਂ ਸਨ। ਬਾਕੀ ਅਸਾਮੀਆਂ ਨੂੰ ਭਰਨ ਲਈ ਸਰਕਾਰ ਐਡਹਾਕ ਅਤੇ ਠੇਕੇ ਦੇ ਆਧਾਰ ਉਤੇ ਲੋਕਾਂ ਦੀ ਭਰਤੀ ਕਰ ਰਹੀ ਹੈ। ਐਡਹਾਕ ਆਧਾਰ ਉਤੇ 158 ਅਸਾਮੀਆਂ ਅਤੇ ਠੇਕੇ ਦੇ ਆਧਾਰ ਉਤੇ 902 ਅਸਾਮੀਆਂ ਉਤੇ ਭਰਤੀ ਕੀਤੀ ਗਈ ਹੈ। ਇਸ ਦੇ ਬਾਵਜੂਦ 737 ਅਸਾਮੀਆਂ ਖ਼ਾਲੀ ਹਨ। ਸਰਕਾਰ ਨੇ ਸਹਾਇਕ ਪ੍ਰੋਫ਼ੈਸਰਾਂ ਅਤੇ 347 ਲੈਕਚਰਾਰਾਂ ਦੀਆਂ 525 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦੇ ਦਿਤੀ ਹੈ, ਪਰ ਅਜੇ ਵੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ।