ਅਯੋਧਿਆ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਖ਼ਤਮ ਹੋਣਾ ਜਰੂਰੀ: ਚੀਫ਼ ਜਸਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਅੱਜ ਸਾਫ਼ ਕਰ ਦਿੱਤਾ ਹੈ...

Rajan Gogoi

ਨਵੀਂ ਦਿੱਲੀ: ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ ਇਸ ਮਾਮਲੇ 'ਤੇ 18 ਅਕਤਬੂਰ ਤੋਂ ਬਾਅਦ ਧਿਰਾਂ ਨੂੰ ਸੁਣਵਾਈ ਲਈ ਇਕ ਵੀ ਵਾਧੂ ਦਿਨ ਨਹੀਂ ਮਿਲੇਗਾ। ਅਦਾਲਤ ਨੇ ਸਾਫ਼ ਕੀਤਾ ਕਿ ਸੁਣਵਾਈ ਪੂਰੀ ਕਰਨ ਦੀ ਤਾਰੀਕ ਨਹੀਂ ਵਧਾਈ ਜਾਵੇਗੀ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਾਰੀਆਂ ਧਿਰਾਂ ਨੂੰ ਕਿਹਾ ਕਿ ਤੈਅ ਸਮੇਂ 'ਤੇ ਸੁਣਵਾਈ ਪੂਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ 4 ਹਫ਼ਤਿਆਂ 'ਚ ਫ਼ੈਸਲਾ ਦਿੱਤਾ ਜਾਵੇ ਤਾਂ ਚਮਤਕਾਰ ਹੋ ਜਾਵੇਗਾ। ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਅੱਜ ਦਾ ਦਿਨ (ਵੀਰਵਾਰ) ਨੂੰ ਮਿਲਾ ਕੇ ਉਨ੍ਹਾਂ ਕੋਲ ਸਿਰਫ਼ ਸੁਣਵਾਈ ਖ਼ਤਮ ਕਰਨ ਲਈ ਸਾਢੇ 10 ਦਿਨ ਬਚੇ ਹਨ। ਸੁਪਰੀਮ ਕੋਰਟ 'ਚ ਵੀਰਵਾਰ ਨੂੰ ਅਯੁੱਧਿਆ ਕੇਸ 'ਤੇ ਸੁਣਵਾਈ ਦਾ 32ਵਾਂ ਦਿਨ ਹੈ। ਵੀਰਵਾਰ ਨੂੰ ਜਿਵੇਂ ਹੀ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਚੀਫ਼ ਜਸਟਿਸ ਰੰਜਨ ਗੋਗਈ ਨੇ ਇਸ ਮਾਮਲੇ 'ਤੇ ਆਪਣੀ ਰਾਇ ਰੱਖੀ। ਦੱਸ ਦੇਈਏ ਕਿ ਹੁਣ ਤਕ 31 ਦਿਨਾਂ ਦੀ ਸੁਣਵਾਈ ਸੁਪਰੀਮ ਕੋਰਟ 'ਚ ਹੋ ਚੁੱਕੀ ਹੈ।

ਹਿੰਦੂ ਧਿਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਹਨ ਤੇ ਮੁਸਲਿਮ ਧਿਰ ਦੀਆਂ ਦਲੀਲਾਂ ਜਾਰੀ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਜੇਕਰ 18 ਅਕਤੂਬਰ ਤਕ ਦਲੀਲਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਚਾਰ ਹਫ਼ਤਿਆਂ 'ਚ ਫ਼ੈਸਲਾ ਦੇਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ। ਦੱਸ ਦੇਈਏ ਕਿ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।