ਖੇਤੀਬਾੜੀ ਦੀ ਵਾਗਡੋਰ ਉਸ ਕੇਂਦਰੀ ਸੱਜਣ ਦੇ ਹੱਥ ਜਿਸ ਦੇ ਨਾਮ ਜ਼ਮੀਨ ਦਾ ਕੋਈ ਟੁਕੜਾ ਵੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ਼ੈਰ ਤਜਰਬੇਕਾਰ ਪਰਵਾਰਕ ਮੁਖੀ ਦੀਆਂ ਗ਼ੈਰ ਜ਼ਿੰਮੇਵਾਰੀਆਂ ਦਾ ਖ਼ਮਿਆਜ਼ਾ ਤਾਂ ਸਮੁੱਚੇ ਪ੍ਰਵਾਰ (ਦੇਸ਼) ਨੂੰ ਭੁਗਤਣਾ ਹੀ ਪਵੇਗਾ ?

file photo

ਸੰਗਰੂਰ: ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਮਾੜੀ ਕਿਸਮਤ ਹੈ ਕਿ ਅਸੀਂ ਦੇਸ਼ ਨੂੰ ਚਲਾਉਣ ਦੀਆਂ ਜ਼ਿੰਮੇਵਾਰੀਆਂ ਉਨ੍ਹਾਂ ਲੋਕਾਂ ਨੂੰ ਸੌਂਪ ਦਿਤੀਆਂ ਹਨ ਜਿਨ੍ਹਾਂ ਕੋਲ ਅਪਣੇ ਪ੍ਰਵਾਰ ਨੂੰ ਚਲਾਉਣ ਦਾ ਵੀ  ਤਜ਼ਰਬਾ ਨਹੀਂ। ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਨੂੰ ਅਪਣੀ ਪਤਨੀ ਦੀਆਂ ਮੰਗਾਂ ਜਾਂ ਲੋੜਾਂ ਦਾ ਕੋਈ ਅਨੁਭਵ ਨਹੀਂ। ਇਸੇ ਤਰ੍ਹਾਂ ਉਨ੍ਹਾਂ ਨੂੰ ਬੱਚਿਆਂ ਜਾਂ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਬਾਰੇ ਕੋਈ ਗਿਆਨ ਨਹੀਂ।

ਚੰਗਾ ਪ੍ਰਸ਼ਾਸਕ ਉਹ ਹੀ ਹੋ ਸਕਦਾ ਹੈ ਜਿਹੜਾ ਚੰਗਾ ਪਤੀ ਅਤੇ ਚੰਗਾ ਪਿਤਾ ਹੋਵੇ ਤੇ ਅਪਣੇ ਘਰ, ਪ੍ਰਵਾਰ, ਬੱਚਿਆਂ ਤੇ ਪਤਨੀ ਦੇ ਦੁੱਖਾਂ ਦਰਦਾਂ ਨੂੰ ਮਹਿਸੂਸ ਕਰ ਕੇ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਹਰ ਸੰਭਵ ਯਤਨ ਵੀ ਕਰੇ।  ਇਸੇ ਤਰ੍ਹਾਂ ਹਰ ਪ੍ਰਵਾਰ ਦੇ ਜ਼ਿੰਮੇਵਾਰ ਮੁਖੀ ਨੂੰ ਅਪਣੇ ਭਰਾਵਾਂ, ਭੈਣਾਂ, ਮਾਂ, ਬਾਪ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਗਲੀ ਗਵਾਂਢ ਵਿਚ ਵਸਦੇ ਲੋਕਾਂ ਦੇ ਜਜ਼ਬਾਤਾਂ ਦੀ ਵੀ ਪੂਰੀ ਕਦਰ ਹੁੰਦੀ ਹੈ ਅਤੇ ਉਹ ਹਰ ਇਕੱਲੇ-ਇਕੱਲੇ ਪ੍ਰਵਾਰਕ ਮੈਂਬਰਾਂ ਦੀਆਂ ਲੋੜਾਂ ਨੂੰ ਵੀ ਬਾਖੂਬੀ ਸਮਝਣ ਦੀ ਸਮਰੱਥਾ ਰਖਦਾ ਹੈ।

ਪਰ ਜਿਹੜਾ ਮਨੁੱਖ ਨਾ ਚੰਗਾ ਪਤੀ, ਨਾ ਚੰਗਾ ਪਿਤਾ, ਨਾ ਚੰਗਾ ਪੁੱਤਰ, ਨਾ ਚੰਗਾ ਦੋਸਤ ਅਤੇ ਨਾ ਚੰਗਾ ਗਵਾਂਢੀ ਹੋਵੇ ਉਸ ਪਾਸੋਂ ਕਿਸੇ ਦੇ ਭਲੇ ਦੀ ਆਸ ਰੱਖਣੀ ਵਿਅਰਥ ਅਤੇ ਮੂਰਖਤਾ ਹੈ ਕਿਉਂਕਿ ਉਹ ਅਪਣੇ ਜੀਵਨ ਦੌਰਾਨ ਕਦੇ ਵੀ ਚੰਗਾ ਨਾਗਰਿਕ ਜਾਂ ਚੰਗਾ ਸਮਾਜਿਕ ਜੀਵ ਨਹੀਂ ਬਣ ਸਕਦਾ। ਕਮਾਲ ਦੀ ਗੱਲ ਹੈ ਕਿ ਅਜਿਹਾ ਮਨੁੱਖ ਅਪਣੇ ਖੱਬੇ ਸੱਜੇ ਵਸਦੇ ਗਵਾਂਢੀਆਂ ਨਾਲ ਵੀ ਰਿਸ਼ਤੇ ਸੁਖਾਵੇਂ ਨਹੀਂ ਰੱਖ ਸਕਦਾ ਅਤੇ ਰੋਜ਼ਾਨਾ ਇੱਟ ਖੜਿਕਾ ਰਖਦਾ ਹੈ ਪਰ ਇਸ ਬੇਵਕੂਫ਼ੀ ਦਾ ਖਮਿਆਜਾ ਵੀ ਸਮੁੱਚੇ ਪ੍ਰਵਾਰ ਨੂੰ ਹੀ ਭੁਗਤਣਾ ਪੈਂਦਾ ਹੈ।

ਇਸੇ ਤਰ੍ਹਾਂ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੀ 85 ਫ਼ੀ ਸਦੀ ਅਬਾਦੀ ਕਿਸੇ ਨਾ ਕਿਸੇ ਢੰਗ ਨਾਲ ਖੇਤੀਬਾੜੀ ਜਾਂ ਉਸ ਨਾਲ ਸਬੰਧਤ ਕਿੱਤਿਆਂ ਤੋਂ ਕਮਾਈ ਕਰ ਕੇ ਅਪਣਾ ਟੱਬਰ ਪਾਲਦੀ ਆ ਰਹੀ ਹੈ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਬਾਰੇ ਊੜਾ ਜਾਂ ਐੜਾ ਵੀ ਨਹੀਂ ਜਾਣਦੇ ਕਿਉਂਕਿ ਉਹ ਬੇਜ਼ਮੀਨੇ ਹਨ ਅਤੇ ਜ਼ਮੀਨ ਦਾ ਇਕ ਛੋਟਾ ਟੁਕੜਾ ਵੀ ਉਨ੍ਹਾਂ ਕੋਲ ਨਹੀਂ।   

ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਦੇ ਤੌਰ 'ਤੇ ਸ਼ਰਦ ਪਵਾਰ, ਸੁਰਜੀਤ ਸਿੰਘ ਬਰਨਾਲਾ, ਬਲਰਾਮ ਜਾਖੜ, ਗੁਰਦਿਆਲ ਸਿੰਘ ਢਿੱਲੋਂ, ਚੌਧਰੀ ਦੇਵੀ ਲਾਲ, ਸਵਰਨ ਸਿੰਘ, ਰਾਜਨਾਥ ਸਿੰਘ, ਐਚ ਡੀ ਦੇਵਗੌੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਕਿਸਾਨਾਂ ਨੂੰ ਹੀ ਇਹ ਜਿੰਮੇਵਾਰੀਆਂ ਦਿਤੀਆਂ ਜਾਂਦੀਆਂ ਰਹੀਆਂ ਹਨ ਕਿਉਂਕਿ ਇਨ੍ਹਾਂ ਨੂੰ ਖੇਤੀਬਾੜੀ ਦੇ ਕਿੱਤੇ ਬਾਰੇ ਲੋੜੀਂਦਾ ਬੁਨਿਆਦੀ ਗਿਆਨ ਸੀ

ਅਤੇ ਉਹ ਇਸ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਪਰ ਹੁਣ ਸਾਡੀ ਖੇਤੀਬਾੜੀ ਵਾਲੀ ਗੱਡੀ ਦਾ ਡਰਾਈਵਰ ਉਹ ਹੈ ਜਿਸ ਨੂੰ ਸਟੇਅਰਿੰਗ ਬਾਰੇ ਤਾਂ ਜਾਣਕਾਰੀ  ਹੈ, ਪਰ ਇਹ ਪਤਾ ਨਹੀਂ ਕਿ ਇਸ ਦਾ ਗੇਅਰ ਕਿਥੇ ਹੈ, ਬਰੇਕ ਕਿਥੇ ਹੈ ਜਾਂ ਕਲੱਚ ਅਤੇ ਐਕਸੀਲੇਟਰ ਕਿਥੇ ਹੈ। ਜੇਕਰ ਤੁਹਾਡੇ ਦੇਸ਼ ਦੇ ਭਵਿੱਖ ਦੀ ਗੱਡੀ ਅਜਿਹੇ ਲੋਕਾਂ ਦੇ ਹੱਥਾਂ ਵਿਚ ਹੈ ਜਿਹੜੇ ਤੁਹਾਨੂੰ ਸੁਰੱਖਿਅਤ ਢੰਗ ਨਾਲ ਤੁਹਾਡੀ ਮੰਜ਼ਲ 'ਤੇ ਪਹੁੰਚਾ ਨਹੀਂ ਸਕਦੇ ।