ਰੋਮ ਵਿਚ ਹੋਣ ਵਾਲੇ ਪੀਸ ਕਾਨਫ਼ਰੰਸ 'ਚ ਪਛਮੀ ਬੰਗਾਲ ਦੀ CM ਮਮਤਾ ਬੈਨਰਜੀ ਨਹੀਂ ਹੋ ਸਕੇਗੀ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਰੋਮ ਜਾਣ ਦੀ ਮਨਜ਼ੂਰੀ ਨਹੀਂ ਦਿਤੀ

Mamta Banerjee

 

ਕੋਲਕਾਤਾ: ਇਟਲੀ ਦੀ ਰਾਜਧਾਨੀ ਰੋਮ (Rome) ਵਿਚ ਹੋਣ ਵਾਲੇ ਪੀਸ ਕਾਨਫ਼ਰੰਸ (Peace Conference) ਵਿਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamta Banerjee) ਸ਼ਾਮਲ ਨਹੀਂ ਹੋ ਸਕਣਗੀ, ਕਿਉਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿਤੀ। ਇਸ ’ਤੇ ਮਮਤਾ ਬੈਨਰਜੀ ਨੇ ਕੇਂਦਰ ’ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੋਮ ਵਿਚ ਵਿਸ਼ਵ ਸ਼ਾਂਤੀ ’ਤੇ ਇਕ ਸਭਾ ਹੋਣੀ ਸੀ, ਜਿਥੇ ਉਨ੍ਹਾਂ ਨੂੰ ਸੱਦਾ ਦਿਤਾ ਗਿਆ ਸੀ।

ਜਰਮਨ ਚਾਂਸਲਰ, ਪੋਪ (ਫਰਾਂਸਿਸ) ਨੇ ਵੀ ਹਿੱਸਾ ਲੈਣਾ ਹੈ। ਇਟਲੀ ਨੇ ਮੈਨੂੰ ਸ਼ਾਮਲ ਹੋਣ ਦੀ ਵਿਸ਼ੇਸ਼ ਮਨਜ਼ੂਰੀ ਦਿਤੀ ਸੀ, ਫਿਰ ਵੀ ਕੇਂਦਰ ਨੇ ਮਨਜ਼ੂਰੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਮੁੱਖ ਮੰਤਰੀ ਲਈ ਠੀਕ ਨਹੀਂ। ਮਮਤਾ ਬੈਨਰਜੀ ਨੇ ਇਹ ਵੀ ਕਿਹਾ, “ਤੁਸੀਂ ਮੈਨੂੰ ਰੋਕ ਨਹੀਂ ਸਕੋਗੇ। ਮੈਂ ਵਿਦੇਸ਼ਾਂ ਵਿਚ ਜਾਣ ਲਈ ਉਤਸੁਕ ਨਹੀਂ ਹਾਂ ਪਰ ਇਹ ਰਾਸ਼ਟਰ ਦੇ ਸਨਮਾਨ ਬਾਰੇ ਸੀ। ਤੁਸੀਂ (PM ਮੋਦੀ) ਹਿੰਦੂਆਂ ਦੀ ਗੱਲ ਕਰਦੇ ਰਹੇ, ਮੈਂ ਵੀ ਇਕ ਹਿੰਦੂ ਮਹਿਲਾ ਹਾਂ, ਤੁਸੀਂ ਮੈਨੂੰ ਮਨਜ਼ੂਰੀ ਕਿਉਂ ਨਹੀਂ ਦਿਤੀ? ਤੁਸੀਂ ਪੂਰੀ ਤਰ੍ਹਾਂ ਈਰਖਾ ਕਰ ਰਹੇ ਹੋ।”

ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਅਸੀ ਅਪਣੀ ਆਜ਼ਾਦੀ ਦੀ ਰਖਿਆ ਕਰਾਂਗੇ। ਭਾਰਤ ਵਿਚ ਤਾਲਿਬਾਨੀ ਭਾਜਪਾ ਨਹੀਂ ਚੱਲ ਸਕਦੀ...ਭਾਜਪਾ ਨੂੰ ਹਰਾਉਣ ਲਈ TMC ਹੀ ਕਾਫ਼ੀ ਹੈ। ‘ਖੇਲਾ’ ਭਬਨੀਪੁਰ ਤੋਂ ਸ਼ੁਰੂ ਹੋਵੇਗਾ ਅਤੇ ਪੂਰੇ ਦੇਸ਼ ਵਿਚ ਸਾਡੀ ਜਿੱਤ ਤੋਂ ਬਾਅਦ ਖ਼ਤਮ ਹੋਵੇਗਾ।” ਕੋਲਕਾਤਾ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਗਲ ਕਹੀ।