ਅਫ਼ਗਾਨਿਸਤਾਨ ਤੋਂ 55 ਸਿੱਖ, ਹਿੰਦੂ ਸ਼ਰਨਾਰਥੀ ਪਹੁੰਚੇ ਦਿੱਲੀ
ਐਤਵਾਰ ਸ਼ਾਮ ਨੂੰ ਦਿੱਲੀ ਪਹੁੰਚਿਆ ਜੱਥਾ
ਚੰਡੀਗੜ੍ਹ: ਅਫ਼ਗਾਨਿਸਤਾਨ ਤੋਂ ਦੋ ਬੱਚਿਆਂ ਸਮੇਤ 55 ਸਿੱਖ ਅਤੇ ਹਿੰਦੂ ਸ਼ਰਨਾਰਥੀਆਂ ਦਾ ‘ਆਖਰੀ ਜੱਥਾ’ ਐਤਵਾਰ ਸ਼ਾਮ ਨੂੰ ਦਿੱਲੀ ਪਹੁੰਚ ਗਿਆ।
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੱਥੇ ਦੀ ਆਮਦ ਬਾਰੇ ਦੱਸਿਆ ਕਿ 55 ਸਿੱਖਾਂ ਅਤੇ ਹਿੰਦੂਆਂ ਦਾ ਆਖ਼ਰੀ ਜੱਥਾ ਦਿੱਲੀ ਪਹੁੰਚ ਚੁੱਕਾ ਹੈ।
ਸਾਹਨੀ ਨੇ ਟਵੀਟ ਕੀਤਾ, "ਰੱਬ ਦੀ ਕਿਰਪਾ ਨਾਲ, 55 ਸਿੱਖਾਂ ਅਤੇ ਹਿੰਦੂਆਂ ਦਾ ਆਖ਼ਰੀ ਜੱਥਾ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਨਵੀਂ ਦਿੱਲੀ ਪਹੁੰਚ ਗਿਆ। ਵਿਦੇਸ਼ ਮੰਤਰਾਲੇ ਦਾ ਧੰਨਵਾਦ ਜਿਸ ਨੇ ਉਨ੍ਹਾਂ ਨੂੰ ਈ-ਵੀਜ਼ਾ ਜਾਰੀ ਕਰ ਕੇ ਉਥੋਂ ਲਿਆਉਣ ਵਿਚ ਮਦਦ ਕੀਤੀ। SGPC ਦਾ ਵੀ ਧੰਨਵਾਦ। ਅਸੀਂ "ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀ" ਪ੍ਰੋਗਰਾਮ ਤਹਿਤ ਉਨ੍ਹਾਂ ਦਾ ਪੁਨਰਵਾਸ ਕਰਾਂਗੇ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਅਫ਼ਗਾਨਿਸਤਾਨ ਵਿਚ 43 ਹਿੰਦੂ ਅਤੇ ਸਿੱਖ ਰਹਿ ਰਹੇ ਹਨ ਅਤੇ ਕੇਂਦਰ ਕੋਲ 9 ਈ-ਵੀਜ਼ਾ ਅਰਜ਼ੀਆਂ ਅਜੇ ਵੀ ਬਕਾਇਆ ਹਨ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਪਹਿਲਾਂ ਸ਼ਰਨਾਰਥੀਆਂ ਦੇ ਇਸ "ਆਖ਼ਰੀ ਬੈਚ" ਲਈ ਈ-ਵੀਜ਼ਿਆਂ ਨੂੰ ਮਨਜ਼ੂਰੀ ਦਿੱਤੀ ਸੀ।
ਰਾਜ ਸਭਾ ਮੈਂਬਰ ਸਾਹਨੀ ਨੇ ਪਹਿਲਾਂ ਇੱਕ ਬਿਆਨ ਵਿਚ ਕਿਹਾ ਸੀ ਕਿ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਨ੍ਹਾਂ ਸਾਰਿਆਂ ਨੂੰ ਲਿਆਉਣ ਲਈ ਇੱਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਸੀ।