ਲਖਨਊ 'ਚ ਵਾਪਰਿਆ ਦਰਦਨਾਕ ਹਾਦਸਾ, ਛੱਪੜ 'ਚ ਡਿੱਗੀ ਟਰੈਕਟਰ-ਟਰਾਲੀ, 9 ਦੀ ਮੌਤ
SDRF ਨੇ ਬਚਾਅ ਕਾਰਜ ਕੀਤਾ ਸ਼ੁਰੂ
ਲਖਨਊ: ਨਵਰਾਤਰੀ ਦੇ ਪਹਿਲੇ ਦਿਨ ਲਖਨਊ ਤੋਂ ਲਗਭਗ 30 ਕਿ.ਮੀ. ਦੂਰ ਇਟੌਂਜਾ ਵਿਖੇ ਵੱਡਾ ਹਾਦਸਾ ਵਾਪਰਿਆ। ਬੇਕਾਬੂ ਹੋ ਕੇ ਟਰੈਕਟਰ-ਟਰਾਲੀ ਛੱਪੜ ਵਿਚ ਪਲਟ ਗਏ। ਟਰੈਕਟਰ ਟਰਾਲੀ ਵਿਚ ਸਵਾਰ ਕਰੀਬ 46 ਲੋਕ ਪਾਣੀ ਵਿਚ ਡਿੱਗ ਗਏ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। 3 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਕਾਰਜ ਜਾਰੀ ਹੈ। ਡੀਐਮ ਅਤੇ ਐਸਪੀ ਦਿਹਾਤੀ ਮੌਕੇ 'ਤੇ ਪਹੁੰਚ ਗਏ ਹਨ।
ਇਹ ਹਾਦਸਾ ਇਟੌਂਜਾ ਤੋਂ ਕੁਮਰਾਵਾਂ ਰੋਡ 'ਤੇ ਗੱਦੀਨਪੁਰਵਾ ਨੇੜੇ ਵਾਪਰਿਆ। ਸੀਤਾਪੁਰ ਦੇ ਅਟਾਰੀਆ ਇਲਾਕੇ ਦੇ ਪਿੰਡ ਟਿਕੋਈ ਦੇ ਰਹਿਣ ਵਾਲੇ ਇਹ ਸਾਰੇ ਲੋਕ ਹਜਾਮਤ ਕਰਨ ਦੀ ਰਸਮ ਲਈ ਉਨਾਈ ਦੇਵੀ ਮੰਦਰ ਜਾ ਰਹੇ ਸਨ। ਕਿਉਂਕਿ ਅੱਜ ਨਵਰਾਤਰੀ ਦਾ ਪਹਿਲਾ ਦਿਨ ਸੀ। ਇਸ ਲਈ ਪਿੰਡ ਦੇ ਲੋਕ ਵੀ ਟਰੈਕਟਰ-ਟਰਾਲੀ ਵਿਚ ਬੈਠ ਕੇ ਦਰਸ਼ਨ ਕਰਨ ਲਈ ਪੁੱਜੇ। ਇਸ ਤਰ੍ਹਾਂ ਟਰਾਲੀ ਵਿਚ ਕਰੀਬ 46 ਲੋਕ ਮੌਜੂਦ ਸਨ।
ਮੰਦਰ ਨੂੰ ਜਾਂਦੇ ਰਸਤੇ ਵਿਚ ਅਚਾਨਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਛੱਪੜ ਵਿਚ ਪਲਟ ਗਈ। ਜਦੋਂ ਤੱਕ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਉਦੋਂ ਤੱਕ ਪੰਜ ਲੋਕਾਂ ਦੀ ਜਾਨ ਜਾ ਚੁੱਕੀ ਸੀ। ਪਾਣੀ ਵਿਚ ਡੁੱਬੇ ਬਾਕੀ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ 'ਚੋਂ 12 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਪੁਲਿਸ ਐਂਬੂਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਭੇਜ ਰਹੀ ਹੈ। ਮਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਜਿੱਥੇ ਇਹ ਹਾਦਸਾ ਵਾਪਰਿਆ। ਉਥੇ ਸੜਕ ਬਹੁਤ ਤੰਗ ਸੀ। ਹਾਦਸੇ ਸਮੇਂ ਉਥੇ ਮੌਜੂਦ ਪਿੰਡ ਦੇ ਰਾਮ ਦੁਲਾਰੇ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਤੇਜ਼ ਰਫਤਾਰ 'ਚ ਸੀ। ਸਾਹਮਣੇ ਤੋਂ ਇੱਕ ਬਾਈਕ ਸਵਾਰ ਜਾ ਰਿਹਾ ਸੀ। ਓਵਰਟੇਕ ਕਰਨ ਦੌਰਾਨ ਟਰਾਲੀ ਕੱਚੀ ਸੜਕ ਤੋਂ ਹੇਠਾਂ ਛੱਪੜ ਵਿਚ ਜਾ ਡਿੱਗੀ।
ਬਚਾਅ ਲਈ ਦੋਵੇਂ ਪਾਸੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰੇਨ ਮੰਗਵਾ ਕੇ ਟਰੈਕਟਰ-ਟਰਾਲੀ ਨੂੰ ਬਾਹਰ ਕੱਢ ਲਿਆ ਗਿਆ ਹੈ। 8 ਤੋਂ ਵੱਧ ਐਂਬੂਲੈਂਸਾਂ ਨੂੰ ਮੌਕੇ 'ਤੇ ਪਹੁੰਚੀਆਂ ਤੇ 9 ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੂੰ ਮੌਕੇ ’ਤੇ ਆਉਣ ਤੋਂ ਰੋਕਿਆ ਜਾ ਰਿਹਾ ਹੈ।