ਭਾਰਤ ’ਚ ਅਮਰੀਕੀ ਰਾਜਦੂਤ ਨੇ ਅਮਰੀਕੀ ਸਫ਼ੀਰ ਦੇ ਮਕਬੂਜ਼ਾ ਕਸ਼ਮੀਰ ਦੇ ਦੌਰੇ ਦਾ ਬਚਾਅ ਕੀਤਾ
ਅਮਰੀਕੀ ਵਫ਼ਦ ਨੇ ਜੰਮੂ-ਕਸ਼ਮੀਰ ਦਾ ਦੌਰਾ ਵੀ ਕੀਤਾ ਸੀ : ਐਰਿਕ ਗਾਰਸੇਟੀ
ਨਵੀਂ ਦਿੱਲੀ: ਇਸਲਾਮਾਬਾਦ ’ਚ ਅਮਰੀਕਾ ਦੇ ਰਾਜਦੂਤ ਵਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਯਾਤਰਾ ਕਰਨ ’ਤੇ ਪੈਦਾ ਹੋਏ ਵਿਵਾਦ ਵਿਚਕਾਰ ਭਾਰਤ ’ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਵਫ਼ਦ ਨੇ ਜੀ20 ਦੀਆਂ ਬੈਠਕਾਂ ਦੌਰਾਨ ਜੰਮੂ-ਕਸ਼ਮੀਰ ਦਾ ਵੀ ਦੌਰਾ ਕੀਤਾ ਸੀ।
ਗਾਰਸੇਟੀ ਪਾਕਿਸਤਾਨ ’ਚ ਅਮਰੀਕਾ ਦੇ ਰਾਜਦੂਤ ਡੋਨਾਲਡ ਬਲੋਮ ਦੇ ਪਿਛਲੇ ਹਫ਼ਤੇ ਛੇ ਦਿਨਾਂ ਦੇ ਮਕਬੂਜ਼ਾ ਕਸ਼ਮੀਰ ਦੌਰੇ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਅਮਰੀਕੀ ਰਾਜਦੂਤ ਗਾਰਸੇਟੀ ਨੇ 20ਵੇਂ ਭਾਰਤ-ਅਮਰੀਕਾ ਆਰਥਕ ਸ਼ਿਖਰ-ਸੰਮੇਲਨ ਤੋਂ ਇਲਾਵਾ ਪੱਤਰਕਾਰਾਂ ਨੂੰ ਕਿਹਾ, ‘‘ਪਾਕਿਸਤਾਨ ’ਚ ਅਮਰੀਕੀ ਰਾਜਦੂਤ ’ਤੇ ਪ੍ਰਤੀਕਿਰਿਆ ਦੇਣਾ ਮੇਰਾ ਕੰਮ ਨਹੀਂ ਹੈ, ਪਰ ਉਹ ਜ਼ਾਹਰ ਤੌਰ ’ਤੇ ਜੀ20 ਦੌਰਾਨ ਜੰਮੂ-ਕਸ਼ਮੀਰ ’ਚ ਸਾਡੇ ਵਫ਼ਦ ’ਚ ਵੀ ਸ਼ਾਮਲ ਸਨ।’’
ਗਾਰਸੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੰਮੂ-ਕਸ਼ਮੀਰ ਦਾ ਮੁੱਦਾ ਭਾਰਤ ਅਤੇ ਪਾਕਿਸਤਾਨ ਨੂੰ ਦੁਵੱਲੇ ਰੂਪ ’ਚ ਹੱਲ ਕਰਨਾ ਹੈ ਅਤੇ ਇਸ ’ਚ ਅਮਰੀਕਾ ਸਮੇਤ ਕਿਸੇ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੈ।
ਉਨ੍ਹਾਂ ਕਿਹਾ, ‘‘ਅਸੀਂ ਜੁੜੇ ਰਹਾਂਗੇ ਪਰ ਇਹ ਇਕ ਅਜਿਹਾ ਮੁੱਦਾ ਹੈ ਜਿਸ ਨੂੰ ਅਸੀਂ ਸ਼ਿੱਦਤ ਨਾਲ ਮੰਨਦੇ ਹਾਂ ਕਿ ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੱਲ ਕੀਤਾ ਜਾਣਾ ਹੈ, ਨਾ ਕਿ ਅਮਰੀਕਾ ਸਮੇਤ ਕਿਸੇ ਤੀਜੇ ਪੱਖ ਵਲੋਂ।’’
ਪਾਕਿਸਤਾਨ ’ਚ ਅਮਰੀਕਾ ਦੇ ਰਾਜਦੂਤ ਬਲੋਮ ਨੇ ਪੀ.ਓ.ਕੇ. ’ਚ ਗਿਲਗਿਤ-ਬਾਲਿਟਸਤਾਨ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਸੀ।
ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਅਮਰੀਕਾ ਵਲੋਂ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਮੁੱਦੇ ’ਤੇ ਗਾਰਸੇਟੀ ਨੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿਤਾ। ਇਕ ਹੋਰ ਸਵਾਲ ਦੇ ਜਵਾਬ ’ਚ ਗਾਰਸੇਟੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਗਣਤੰਤਰ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਉਣ ਦਾ ਸੱਦਾ ਦਿਤਾ ਹੈ, ਪਰ ਪ੍ਰੋਗਰਾਮ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।