ਮਨੀਪੁਰ : ਲਾਪਤਾ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਸੁਰਖਿਆ ਸਖ਼ਤ
ਸਰਕਾਰ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ, ਜਾਂਚ ਸੀ.ਬੀ.ਆਈ. ਨੂੰ ਸੌਂਪੀ
ਇੰਫ਼ਾਲ: ਮਨੀਪੁਰ ’ਚ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਸੰਜਮ ਵਰਤਣ ਅਤੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੇਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਸਕੱਤਰੇਤ ਵਲੋਂ ਸੋਮਵਾਰ ਦੇਰ ਰਾਤ ਜਾਰੀ ਕੀਤੇ ਇਕ ਬਿਆਨ ’ਚ ਸੂਬਾ ਸਰਕਾਰ ਨੇ ਕਿਹਾ ਕਿ ਜਾਂਚ ਲਈ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿਤਾ ਗਿਆ ਹੈ। ਵਿਦਿਆਰਥੀਆਂ ਦੀ ਪਛਾਣ ਫ਼ਿਜਾਮ ਹੇਮਜੀਤ (20) ਅਤੇ ਹਿਜਾਮ ਲਿਨਥੋਇਨਗਾਂਬੀ (17) ਦੇ ਰੂਪ ’ਚ ਕੀਤੀ ਗਈ ਹੈ। ਦੋਵੇਂ ਜੁਲਾਈ ਤੋਂ ਲਾਪਤਾ ਸਨ।
ਬਿਆਨ ’ਚ ਕਿਹਾ ਗਿਆ ਹੈ, ‘‘ਕੇਂਦਰੀ ਸੁਰਖਿਆ ਏਜੰਸੀਆਂ ਦੇ ਸਹਿਯੋਗ ਨਾਲ ਸੂਬੇ ਦੀ ਪੁਲਿਸ ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਹਾਲਤ ਦਾ ਪਤਾ ਕਰਨ ਲਈ ਉਨ੍ਹਾਂ ਦਾ ਕਤਲ ਕਰਨ ਵਾਲੇ ਸਾਜ਼ਸ਼ਕਰਤਾਵਾਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ ਸੁਰਖਿਆ ਫ਼ੋਰਸਾਂ ਨੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿਤੀ ਹੈ।’’
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰਖਿਆ ਮੁਲਾਜ਼ਮਾਂ ਨੂੰ ਚੌਕਸ ਕਰ ਦਿਤਾ ਗਿਆ ਹੈ ਅਤੇ ਵਿਦਿਆਰਥੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਾਧੂ ਉਪਾਅ ਕੀਤੇ ਗਏ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿਤਾ ਹੈ ਕਿ ‘ਫ਼ਿਜਾਮ ਹੇਮਜੀਤ ਅਤੇ ਹਿਜਾਮ ਲਿਨਥੋਇਨਗੰਬੀ ਨੂੰ ਅਗਵਾ ਕਰਨ ਅਤੇ ਕਤਲ ’ਚ ਸ਼ਾਮਲ ਸਾਰੇ ਮੁਲਜ਼ਮਾਂ ਵਿਰੁਧ ਤੁਰਤ ਅਤੇ ਫ਼ੈਸਲਾਕੁੰਨ ਕਾਰਵਾਈ ਕੀਤੀ ਜਾਵੇਗੀ।’
ਇਹ ਵੀ ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਨਿਆਂ ਯਕੀਨੀ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਿਤੀ ਜਾਵੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ‘ਸੰਜਮ ਵਰਤਣ ਅਤੇ ਅਧਿਕਾਰੀਆਂ ਨੂੰ ਜਾਂਚ ਕਰਨ ਦੇਣ’ ਦੀ ਅਪੀਲ ਕੀਤੀ।
ਲਾਪਤਾ ਵਿਦਿਆਰਥੀਆਂ ਦੀਆਂ ਦੋ ਤਸਵੀਰਾਂ ਸੋਮਵਾਰ ਰਾਤ ਸੋਸ਼ਲ ਮੀਡੀਆ ’ਤੇ ਆਈਆਂ। ਇਨ੍ਹਾਂ ’ਚੋਂ ਇਕ ਤਸਵੀਰ ’ਚ ਕਥਿਤ ਤੌਰ ’ਤੇ ਵਿਦਿਆਰਥੀ ਦੋ ਹਥਿਆਰਬੰਦ ਲੋਕਾਂ ਨਾਲ ਦਿਸ ਰਹੇ ਹਨ ਅਤੇ ਦੂਜੀ ਤਸਵੀਰ ’ਚ ਦੋ ਲਾਸ਼ਾਂ ਦਿਸ ਰਹੀਆਂ ਹਨ। ਦੋਵੇਂ ਵਿਦਿਆਰਥੀ ਛੇ ਜੁਲਾਈ ਤੋਂ ਲਾਪਤਾ ਸਨ।
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਦੋਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈ ਅਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਫ਼ੋਨ ਦੀ ਆਖ਼ਰੀ ਲੋਕੇਸ਼ਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਲਮਦਾਨ ’ਚ ਮਿਲੀ ਸੀ।