UP News :ਚੋਰਾਂ ਨੇ ਤਾਂ ਹੱਦ ਹੀ ਕਰ ਦਿੱਤੀ ,ਗੁਲਦਾਰ ਨੂੰ ਫੜਨ ਲਈ ਪਿੰਜਰੇ 'ਚ ਬੰਨ੍ਹੀ ਬੱਕਰੀ ਹੀ ਚੋਰੀ ਕਰਕੇ ਲੈ ਗਏ , ਕੀਤੀ ਪਾਰਟੀ
ਪੁਲਿਸ ਕੋਲ ਥਾਣੇ ਪਹੁੰਚਿਆ ਮਾਮਲਾ
Leopard traps fail : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਲਦਾਰ ਨੂੰ ਫੜਨ ਲਈ ਪਿੰਜਰੇ ਵਿੱਚ ਬੰਨ੍ਹੀ ਬੱਕਰੀ ਹੀ ਚੋਰੀ ਹੋ ਗਈ। ਚੋਰ ਪਿੰਜਰੇ 'ਚੋਂ ਬੱਕਰੀ ਲੈ ਕੇ ਫਰਾਰ ਹੋ ਗਿਆ ਅਤੇ ਪਾਰਟੀ ਕੀਤੀ। ਹਾਲਾਂਕਿ ਜ਼ਿਲ੍ਹੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਹੁਣ ਤੱਕ 10 ਤੋਂ ਵੱਧ ਥਾਵਾਂ 'ਤੇ ਅਜਿਹੀਆਂ ਹਰਕਤਾਂ ਕੀਤੀਆਂ ਜਾ ਚੁੱਕੀਆਂ ਹਨ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਬਿਜਨੌਰ ਜ਼ਿਲੇ 'ਚ ਗੁਲਦਾਰ ਨੇ ਅੰਤਕ ਮਚਾ ਰੱਖਿਆ ਹੈ। ਦਹਿਸ਼ਤ ਦਾ ਮਾਹੌਲ ਐਨਾ ਹੈ ਕਿ ਲੋਕ ਆਪਣੇ ਖੇਤਾਂ ਵਿੱਚ ਜਾਣ ਤੋਂ ਵੀ ਡਰਦੇ ਹਨ। ਜੰਗਲਾਤ ਵਿਭਾਗ ਵੀ ਲੋਕਾਂ ਨੂੰ ਖੇਤਾਂ ਵਿਚ ਇਕੱਲੇ ਨਾ ਜਾਣ ਦੀ ਸਲਾਹ ਦੇ ਰਿਹਾ ਹੈ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਗੁਲਦਾਰ ਨੂੰ ਫੜਨ ਲਈ ਵੱਖ-ਵੱਖ ਪਿੰਡਾਂ ਵਿੱਚ 50 ਦੇ ਕਰੀਬ ਪਿੰਜਰੇ ਲਗਾਏ ਹਨ।
ਗੁਲਦਾਰ ਨੂੰ ਪਿੰਜਰੇ ਵਿੱਚ ਕੈਦ ਕਰਨ ਲਈ ਉਸ ਦੇ ਸ਼ਿਕਾਰ ਦੇ ਰੂਪ 'ਚ ਇੱਕ ਬੱਕਰੀ ਦੇ ਬੱਚੇ ਨੂੰ ਬੰਨ੍ਹਿਆ ਗਿਆ ਸੀ ਤਾਂ ਜੋ ਬੱਕਰੀ ਦੀ ਆਵਾਜ਼ ਸੁਣ ਕੇ ਗੁਲਦਾਰ ਪਿੰਜਰੇ ਦੇ ਅੰਦਰ ਆ ਜਾਵੇ ਅਤੇ ਕੈਦ ਹੋ ਜਾਵੇ ਪਰ ਜੰਗਲਾਤ ਵਿਭਾਗ ਦੀ ਇਹ ਸਕੀਮ ਕੁਝ ਥਾਵਾਂ ’ਤੇ ਸਿਰੇ ਨਹੀਂ ਚੜ੍ਹ ਰਹੀ ਕਿਉਂਕਿ ਜੋ ਬੱਕਰੀਆਂ ਗੁਲਦਾਰ ਨੂੰ ਪਿੰਜਰੇ ਵਿੱਚ ਫਸਾਉਣ ਲਈ ਬੰਨ੍ਹੀਆਂ ਗਈਆਂ ਸੀ , ਉਨ੍ਹਾਂ 'ਚੋਂ ਕੁਝ ਬੱਕਰੀਆਂ ਚੋਰੀ ਹੋ ਗਈਆਂ।
ਜੰਗਲਾਤ ਵਿਭਾਗ ਅਨੁਸਾਰ ਕਰੀਬ 10 ਪਿੰਜਰਿਆਂ ਵਿੱਚੋਂ ਬੱਕਰੀਆਂ ਜਾਂ ਉਨ੍ਹਾਂ ਦੇ ਬੱਚੇ ਚੋਰੀ ਹੋਏ ਹਨ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਤਾਜ਼ਾ ਮਾਮਲਾ ਬਿਜਨੌਰ ਸ਼ਹਿਰ ਦੀ ਰਾਮ ਬਾਗ ਕਾਲੋਨੀ ਦਾ ਹੈ, ਜਿੱਥੇ ਕੁਝ ਦਿਨਾਂ ਤੋਂ ਕਲੋਨੀ ਦੇ ਆਲੇ-ਦੁਆਲੇ ਗੁਲਦਾਰ ਨਜ਼ਰ ਆ ਰਿਹਾ ਸੀ ਤਾਂ ਇਲਾਕਾ ਨਿਵਾਸੀ ਰੁਪੇਸ਼, ਸੰਜੀਵ ਚੌਧਰੀ ਅਤੇ ਅਜੀਤ ਕੁਮਾਰ ਆਦਿ ਨੇ ਇਸ ਦੀ ਸ਼ਿਕਾਇਤ ਜੰਗਲਾਤ ਵਿਭਾਗ ਨੂੰ ਕੀਤੀ। ਜਿਸ 'ਤੇ ਵਿਭਾਗ ਨੇ ਉੱਥੇ ਪਿੰਜਰਾ ਲਗਾਇਆ ਅਤੇ ਇਸ ਪਿੰਜਰੇ ਦੇ ਅੰਦਰ ਇੱਕ ਬੱਕਰੀ ਦੇ ਬੱਚੇ ਨੂੰ ਸ਼ਿਕਾਰ ਬਣਾ ਕੇ ਬੰਨ੍ਹ ਦਿੱਤਾ।
ਪਰ ਕੁਝ ਲੋਕਾਂ ਨੇ ਰਾਤ ਨੂੰ ਇਸ ਬੱਕਰੀ ਦੇ ਬੱਚੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਅਤੇ ਉਸਦੀ ਮਟਨ ਪਾਰਟੀ ਕੀਤੀ। ਇਹ ਇਲਜ਼ਾਮ ਸਥਾਨਕ ਲੋਕਾਂ ਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫਿਰ ਆਪਸ ਵਿੱਚ ਦਾਨ ਇਕੱਠਾ ਕੀਤਾ ਅਤੇ ਇੱਕ ਹੋਰ ਬੱਕਰੀ ਨੂੰ ਪਿੰਜਰੇ ਵਿੱਚ ਬੰਨ੍ਹ ਦਿੱਤਾ ਪਰ ਬੀਤੀ ਰਾਤ ਫਿਰ ਪਿੰਜਰੇ ਵਿੱਚ ਰੱਖੀ ਬੱਕਰੀ ਚੋਰੀ ਹੋ ਗਈ। ਅਜਿਹੇ 'ਚ ਹੁਣ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਆਪਣੇ ਇਲਾਕੇ 'ਚੋਂ ਪਿੰਜਰੇ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੱਕਰੀ ਚੋਰੀ ਦੀ ਇਹ ਘਟਨਾ ਕੋਈ ਪਹਿਲੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਕਰੀਬ 10 ਪਿੰਜਰਿਆਂ ਵਿੱਚੋਂ ਬੱਕਰੀਆਂ ਚੋਰੀ ਹੋ ਚੁੱਕੀਆਂ ਸਨ। ਇਸ ਮਾਮਲੇ ਵਿੱਚ ਬਿਜਨੌਰ ਦੇ ਡੀਐਫਓ ਗਿਆਨ ਸਿੰਘ ਨੇ ਦੱਸਿਆ ਕਿ ਗੁਲਜ਼ਾਰ ਦੀ ਦਹਿਸ਼ਤ ਕਾਰਨ ਜ਼ਿਲ੍ਹੇ ਦੇ 90 ਤੋਂ ਵੱਧ ਪਿੰਡ ਸੰਵੇਦਨਸ਼ੀਲ ਮੰਨੇ ਗਏ ਹਨ।
ਅਜਿਹੇ 'ਚ ਗੁਲਦਾਰ ਨੂੰ ਫੜਨ ਲਈ 50 ਤੋਂ ਜ਼ਿਆਦਾ ਥਾਵਾਂ 'ਤੇ ਪਿੰਜਰੇ ਲਗਾਏ ਗਏ ਸਨ। ਇਨ੍ਹਾਂ ਪਿੰਜਰਿਆਂ ਵਿੱਚ ਗੁਲਜ਼ਾਰ ਨੂੰ ਫਸਾਉਣ ਲਈ ਉਸ ਦੇ ਸ਼ਿਕਾਰ ਲਈ ਬੱਕਰੀਆਂ ਨੂੰ ਬੰਨ੍ਹਿਆ ਗਿਆ ਸੀ ਪਰ ਕਈ ਥਾਵਾਂ ਤੋਂ ਇਹ ਬੱਕਰੀਆਂ ਚੋਰੀ ਹੋ ਗਈਆਂ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।