ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਗ੍ਰਿਫ਼ਤਾਰ
ਭੁੱਖ ਹੜਤਾਲ ਦੌਰਾਨ ਭੜਕਾਊ ਬਿਆਨਾਂ ਰਾਹੀਂ ਲੋਕਾਂ ਨੂੰ ਭੜਕਾਉਣ ਦਾ ਦੋਸ਼
ਲੇਹ : ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਵਿਸਥਾਰ ਲਈ ਅੰਦੋਲਨ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਦੋ ਦਿਨ ਬਾਅਦ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਾਂਗਚੁਕ ਨੂੰ ਪੁਲਿਸ ਪਾਰਟੀ ਦੀ ਅਗਵਾਈ ਵਾਲੀ ਲੱਦਾਖ ਦੇ ਡੀ.ਜੀ.ਪੀ. ਐਸ.ਡੀ. ਸਿੰਘ ਜਾਮਵਾਲ ਨੇ ਦੁਪਹਿਰ 2:30 ਵਜੇ ਹਿਰਾਸਤ ਵਿਚ ਲੈ ਲਿਆ। ਵਾਂਗਚੁਕ ਦੇ ਵਿਰੁਧ ਲਗਾਏ ਗਏ ਦੋਸ਼ ਤੁਰਤ ਸਪੱਸ਼ਟ ਨਹੀਂ ਹੋ ਸਕੇ। ਗ੍ਰਹਿ ਮੰਤਰਾਲੇ ਨੇ ਹਿੰਸਾ ਲਈ ਲੇਹ ਅਪੈਕਸ ਬਾਡੀ (ਐਲ.ਏ.ਬੀ.) ਦੇ ਸੀਨੀਅਰ ਮੈਂਬਰ ਵਾਂਗਚੁਕ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜੋ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ.ਡੀ.ਏ.) ਦੇ ਨਾਲ ਮਿਲ ਕੇ ਪਿਛਲੇ ਪੰਜ ਸਾਲਾਂ ਤੋਂ ਮੰਗਾਂ ਦੇ ਸਮਰਥਨ ਵਿਚ ਅੰਦੋਲਨ ਦੀ ਅਗਵਾਈ ਕਰ ਰਹੇ ਸਨ।
ਮੰਗਾਂ ਦੇ ਸਮਰਥਨ ’ਚ ਭੁੱਖ ਹੜਤਾਲ ਦੀ ਅਗਵਾਈ ਕਰ ਰਹੇ ਵਾਂਗਚੁਕ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਹਿੰਸਾ ਦੀ ਨਿੰਦਾ ਕੀਤੀ ਅਤੇ ਬੁਧਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਪੰਦਰਵਾੜੇ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਵੀ ਖਤਮ ਕਰ ਦਿਤਾ।
ਇਸ ਦੌਰਾਨ ਤੀਜੇ ਦਿਨ ਵੀ ਲੇਹ ਵਿਚ ਕਰਫ਼ਿਊ ਜਾਰੀ ਰਿਹਾ। ਗ੍ਰਹਿ ਮੰਤਰਾਲੇ ਦੀ ਟੀਮ ਨੇ ਸਥਿਤ ਦੀ ਸਮੀਖਿਆ ਲਈ ਕਈ ਮੀਟਿੰਗਾਂ ਕੀਤੀਆਂ। ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਕਾਂਗਰਸ ਨੇ ਹਿੰਸਾ ਕਾਰਨ ਮਾਰੇ ਗਏ ਚਾਰ ਨੌਜੁਆਨਾਂ ਦੀ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਲੱਦਾਖ ਤੋਂ ਸੰਸਦ ਮੈਂਬਰ ਮੁਹੰਮਦ ਅਨੀਫ਼ਾ ਨੇ ਵੀ 24 ਸਤੰਬਰ ਨੂੰ ਪੁਲਿਸ ਦੀ ਗੋਲੀਬਾਰੀ ਬਾਰੇ ਨਿਆਂੲਕ ਜਾਂਚ ਦੀ ਮੰਗ ਕੀਤੀ।
ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੇਹ ਵਿਚ ਇੰਟਰਨੈੱਟ ਬੰਦ
ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੇਹ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ। ਲੇਹ ਸ਼ਹਿਰ ਵਿਚ ਲੱਦਾਖ ਲਈ ਵੱਖਰੇ ਰਾਜ ਦੀ ਮੰਗ ਕਰ ਰਹੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਤੋਂ ਦੋ ਦਿਨ ਬਾਅਦ ਇੰਟਰਨੈੱਟ ਬੰਦ ਕਰ ਦਿਤਾ ਗਿਆ ਹੈ।