ਸੀ.ਬੀ.ਆਈ. ਨਿਰਦੇਸ਼ਕ ਦੇ ਅਹੁਦੇ 'ਤੇ ਵਰਮਾ, ਵਿਸ਼ੇਸ਼ ਅਹੁਦੇ 'ਤੇ ਅਸਥਾਨਾ ਹੀ ਰਹਿਣਗੇ
ਸੀ.ਬੀ.ਆਈ. ਦੇ ਸਿਖਰਲੇ ਅਧਿਕਾਰੀ ਆਲੋਕ ਵਰਮਾ ਡਾਇਰੈਕਟਰ ਦੇ ਅਹੁਦੇ 'ਤੇ ਅਤੇ ਰਾਕੇਸ਼ ਅਸਥਾਨਾ ਵਿਸ਼ੇਸ਼ ਡਾਇਰੈਕਟਰ ਦੇ ਅਹੁਦੇ 'ਤੇ ਬਣੇ ਰਹਿਣਗੇ...........
ਨਵੀਂ ਦਿੱਲੀ : ਸੀ.ਬੀ.ਆਈ. ਦੇ ਸਿਖਰਲੇ ਅਧਿਕਾਰੀ ਆਲੋਕ ਵਰਮਾ ਡਾਇਰੈਕਟਰ ਦੇ ਅਹੁਦੇ 'ਤੇ ਅਤੇ ਰਾਕੇਸ਼ ਅਸਥਾਨਾ ਵਿਸ਼ੇਸ਼ ਡਾਇਰੈਕਟਰ ਦੇ ਅਹੁਦੇ 'ਤੇ ਬਣੇ ਰਹਿਣਗੇ। ਸੁਪਰੀਮ ਕੋਰਟ 'ਚ ਇਸ ਵਿਸ਼ੇ 'ਤੇ ਸੁਣਵਾਈ ਹੋਣ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੀ.ਬੀ.ਆਈ. ਬੁਲਾਰੇ ਨੇ ਇਹ ਕਿਹਾ। ਅਸਲ 'ਚ ਦੋਵੇਂ ਅਧਿਕਾਰੀਆਂ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ ਗਏ ਹਨ। ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਬਿਊਰੋ ਵਲੋਂ ਇਨ੍ਹਾਂ ਦੋਹਾਂ ਅਧਿਕਾਰੀਆਂ ਨਾਲ ਜੁੜੇ ਮਾਮਲੇ ਦੀ ਜਾਂਚ 'ਤੇ ਫ਼ੈਸਲਾ ਕੀਤੇ ਜਾਣ ਤਕ ਐਮ. ਨਾਗੇਸ਼ਵਰ ਰਾਉ ਸਿਰਫ਼ ਇਕ ਅੰਤਰਿਮ ਵਿਵਸਥਾ ਹਨ।
ਉਧਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਅਦਾਲਤ ਦੀ ਨਿਗਰਾਨੀ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਕਰਵਾਉਣ ਦੀ ਮੰਗ ਕਰਨ ਵਾਲੀ ਅਪੀਲ 'ਤੇ ਛੇਤੀ ਸੁਣਵਾਈ ਕਰਨ 'ਤੇ ਉਹ ਵਿਚਾਰ ਕਰੇਗਾ। ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਅਧਿਕਾਰੀਆਂ 'ਚ ਜਾਂਚ ਬਿਊਰੋ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿਤਾ ਗਿਆ ਹੈ। (ਪੀਟੀਆਈ)