ਰੈਟਲ ਸਨੇਕ ਅਤੇ ਕੋਰਲ ਸਨੇਕ ਦੀ ਲੜਾਈ ’ਚ ਆਈ ਮੱਧੂ ਮੱਖੀ
ਮਧੂ ਮੱਖੀ ਨੇ ਡੰਗ ਮਾਰ-ਮਾਰ ਕੇ ਭਜਾਇਆ ਕੋਰਲ ਸਨੇਕ, ਕਿਸੇ ਬਾਜ਼ ਕੋਲੋਂ ਛੁੱਟ ਕੇ ਝਾੜੀਆਂ ’ਤੇ ਡਿੱਗਿਆ ਸੀ ਰੈਟਲ ਸਨੇਕ
ਸੋਸ਼ਲ ਮੀਡੀਆ ’ਤੇ ਅਕਸਰ ਤਰ੍ਹਾਂ-ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁੱਝ ਵੀਡੀਓ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਇਕ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਵੀਡੀਓ ਦੀ ਕਹਾਣੀ ਕੁੱਝ ਇਸ ਤਰ੍ਹਾਂ ਹੈ ਕਿ ਰੈਟਲ ਸਨੇਕ ਅਤੇ ਕੋਰਲ ਸਨੇਕ ਪ੍ਰਜਾਤੀ ਦੇ ਦੋ ਸੱਪ ਇਕ ਦਰੱਖਤ ’ਤੇ ਲਟਕ ਕੇ ਲੜਾਈ ਕਰ ਰਹੇ ਸਨ। ਕੋਰਲ ਸਨੇਕ ਨੇ ਤਿੱਖੇ ਵਾਰ ਕਰਕੇ ਰੈਟਲ ਸਨੇਕ ਦੀ ਹਾਲਤ ਖ਼ਰਾਬ ਕਰ ਦਿੱਤੀ ਤਾਂ ਇੰਨੇ ਨੂੰ ਇਕ ਮਧੂ ਮੱਖੀ ਇਨ੍ਹਾਂ ਸੱਪਾਂ ਦੀ ਲੜਾਈ ਦੇ ਵਿਚਕਾਰ ਆ ਗਈ।
ਵਿਚਕਾਰ ਹੀ ਨਹੀਂ ਆਈ ਬਲਕਿ ਉਸ ਨੇ ਰੈਟਲ ਸਨੇਕ ਨੂੰ ਬਚਾਉਣ ਲਈ ਕੋਰਲ ਸਨੇਕ ਦੇ ਡੰਗ ਮਾਰਨੇ ਸ਼ੁਰੂ ਕਰ ਦਿੱਤੇ। ਬਸ ਫਿਰ ਕੀ ਸੀ, ਕੋਰਲ ਸਨੇਕ ਨੂੰ ਭਾਜੜਾਂ ਪੈ ਗਈਆਂ। ਇਸ ਵੀਡੀਓ ਨੂੰ ਇਵਾਂਗੇਲਿਨ ਕਮਿੰਗਸ ਵੱਲੋਂ ਟਵਿੱਟਰ ’ਤੇ ਸ਼ੇਅਰ ਕੀਤਾ ਗਿਆ ਸੀ। ਦਰਅਸਲ ਉਸ ਨੇ ਇਸ ਘਟਨਾ ਨੂੰ ਸਮਝਣ ਲਈ ਇਸ ਵਿਸ਼ੇ ਦੇ ਕੁੱਝ ਮਾਹਿਰਾਂ ਨੂੰ ਟਵਿੱਟਰ ’ਤੇ ਟੈਗ ਕੀਤਾ ਸੀ ਪਰ ਜਿਵੇਂ ਹੀ ਇਹ ਵੀਡੀਓ ਟਵਿੱਟਰ ’ਤੇ ਪਈ ਕੁੱਝ ਸਮੇਂ ਬਾਅਦ ਹੀ ਵਾਇਰਲ ਹੋ ਗਈ। ਹੁਣ ਤਕ ਲੱਖਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਹਜ਼ਾਰਾਂ ਲਾਈਕਸ ਅਤੇ ਹਜ਼ਾਰਾਂ ਕੁਮੈਂਟ ਲੋਕਾਂ ਵੱਲੋਂ ਕੀਤੇ ਜਾ ਚੁੱਕੇ ਹਨ।
ਇਵਾਂਗੇਲਿਨ ਕਮਿੰਗਸ ਨੇ ਅਪਣੇ ਇਕ ਟਵੀਟ ਵਿਚ ਲਿਖਿਆ ਕਿ ਦਰਅਸਲ ਇਹ ਰੈਟਲ ਸਨੇਕ ਸੱਪ ਕਿਸੇ ਬਾਜ਼ ਕੋਲੋਂ ਹੇਠਾਂ ਡਿੱਗ ਗਿਆ ਸੀ ਜੋ ਇਨ੍ਹਾਂ ਝਾੜੀਆਂ ’ਤੇ ਆ ਕੇ ਡਿੱਗ ਗਿਆ ਪਰ ਡਿੱਗਣ ਸਮੇਂ ਇਹ ਜਿੰਦਾ ਸੀ ਜਦੋਂ ਉਹ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਇਕ ਕੋਰਲ ਸਨੇਕ ਸੱਪ ਨੇ ਉਸ ’ਤੇ ਹਮਲਾ ਕਰ ਦਿੱਤਾ। ਭਾਵੇਂ ਕਿ ਉਸ ਦੀ ਮਦਦ ਲਈ ਇਕ ਮਧੂ ਮੱਖੀ ਵੀ ਆਈ ਪਰ ਉਦੋਂ ਤਕ ਰੈਟਲ ਸਨੇਕ ਮਰ ਚੁੱਕਾ ਸੀ।
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਮਧੂ ਮੱਖੀਆਂ ਨੇ ਇਕੱਠੀਆਂ ਹੋ ਕੇ ਇਕ ਅਜਗਰ ਨੂੰ ਅਪਣੇ ਛੱਤੇ ਕੋਲੋਂ ਦੂਰ ਭਜਾ ਦਿੱਤਾ ਸੀ। ਕੁੱਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਕਮਿੰਗਜ਼ ਨੂੰ ਵੀਡੀਓ ਬਣਾਉਣ ਦੀ ਜਗ੍ਹਾ ਸੱਪ ਦੀ ਜਾਨ ਬਚਾਉਣੀ ਚਾਹੀਦੀ ਸੀ। ਫਿਲਹਾਲ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜ਼ਰੂਰ ਦੱਸੋ।