ਭਾਜਪਾ ਨੇ ਪ੍ਰਿਯੰਕਾ ਗਾਂਧੀ ’ਤੇ ਹਲਫਨਾਮੇ ’ਚ ਜਾਇਦਾਦ ਦਾ ਪੂਰਾ ਵੇਰਵਾ ਨਾ ਦੇਣ ਦੇ ਲਗਾਏ ਇਲਜ਼ਾਮ
ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੀ ਹੈ ।
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਕੇਰਲ ’ਚ ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲੜਨ ਲਈ ਅਪਣੇ ਹਲਫਨਾਮੇ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੀ ਜਾਇਦਾਦ ਦਾ ਲੋੜੀਂਦਾ ਵੇਰਵਾ ਨਾ ਦੇਣ ਦਾ ਦੋਸ਼ ਲਾਇਆ।ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੀ ਹੈ ਜਿਸ ’ਚ ਉਮੀਦਵਾਰਾਂ ਨੂੰ ਅਪਣੇ ਜੀਵਨ ਸਾਥੀਆਂ ਅਤੇ ਆਸ਼ਰਿਤਾਂ ਦੀ ਜਾਇਦਾਦ ਦਾ ਵੇਰਵਾ ਪੇਸ਼ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਦਾ ਹੁਕਮ ਸਾਰੇ ਨਾਗਰਿਕਾਂ ਲਈ ਲਾਜ਼ਮੀ ਹੈ। ਗਾਂਧੀ ਪਰਵਾਰ ਕਾਨੂੰਨ ਤੋਂ ਉੱਪਰ ਨਹੀਂ ਹੈ। ਇਸ ਦਾ ਸਿਰਫ ਇਕ ਹੀ ਨਤੀਜਾ ਹੋ ਸਕਦਾ ਹੈ। ਜੇਕਰ ਕੋਈ ਹਲਫਨਾਮੇ ’ਚ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ ਹੈ।’’ ਚੋਣ ਅਧਿਕਾਰੀਆਂ ਵਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੈ ਅਤੇ ਭਾਜਪਾ ਕਾਂਗਰਸ ਜਨਰਲ ਸਕੱਤਰ ਨੂੰ ਉਨ੍ਹਾਂ ਦੇ ਹਲਫਨਾਮੇ ਨੂੰ ਲੈ ਕੇ ਨਿਸ਼ਾਨਾ ਬਣਾ ਰਹੀ ਹੈ।
ਗਾਂਧੀ ਪਰਵਾਰ ਵਲੋਂ ‘ਨੈਸ਼ਨਲ ਹੇਰਾਲਡ’ ਅਖਬਾਰ ਦੀ ਜਾਇਦਾਦ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਭਾਟੀਆ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਹਲਫਨਾਮੇ ’ਚ ਕਿਸੇ ਟਰੱਸਟ ਰਾਹੀਂ ਐਸੋਸੀਏਟਿਡ ਜਰਨਲਜ਼ ’ਚ ਸ਼ੇਅਰਾਂ ਦੀ ਮਾਲਕੀ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਜਾਣਕਾਰੀ ਦਾ ਪ੍ਰਗਟਾਵਾ ਨਾ ਕਰਨ ਦੇ ਬਰਾਬਰ ਹੈ।’’ ਉਨ੍ਹਾਂ ਕਿਹਾ ਕਿ ਹਲਫਨਾਮੇ ’ਚ ਵਾਡਰਾ ਦੀਆਂ ਤਿੰਨ ਕੰਪਨੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਦੋ ਹੋਰ ਕੰਪਨੀਆਂ ’ਚ ਉਨ੍ਹਾਂ ਦੀ ਹਿੱਸੇਦਾਰੀ ਜਾਰੀ ਕੀਤੀ ਗਈ ਹੈ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਦੋਸ਼ ਬੇਬੁਨਿਆਦ ਦਸਤਾਵੇਜ਼ ’ਤੇ ਅਧਾਰਤ ਹੈ।
ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨੂੰ ਦੋਸ਼ਾਂ ਦਾ ਜਵਾਬ ਦੇਣ ਅਤੇ ਲੋਕਾਂ ਨੂੰ ਇਸ ਮੁੱਦੇ ’ਤੇ ਅਪਣੇ ਸਟੈਂਡ ਤੋਂ ਜਾਣੂ ਕਰਵਾਉਣ ਲਈ ਕਿਹਾ।ਭਾਟੀਆ ਨੇ ਕਿਹਾ ਕਿ ਕਾਂਗਰਸ ਨੂੰ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ ਜਾਂ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਦੀ ਪਾਲਣਾ ਕਰਦਿਆਂ ਸਾਰੇ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇਗੀ।ਉਨ੍ਹਾਂ ਦੋਸ਼ ਲਾਇਆ ਕਿ ਗਾਂਧੀ ਪਰਵਾਰ ਸੋਚਦਾ ਹੈ ਕਿ ਉਹ ਕਾਨੂੰਨ ਦੀ ਅਣਦੇਖੀ ਕਰ ਕੇ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹਾ ਭਰਮ ਨਹੀਂ ਰਖਣਾ ਚਾਹੀਦਾ। ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣ 13 ਨਵੰਬਰ ਨੂੰ ਹੋਣੀ ਹੈ।