ਚੰਡੀਗੜ੍ਹ: ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਰਿਆਣਾ ਦੇ 46 ਨੌਜੁਆਨਾਂ ਨੂੰ ਵਾਪਸ ਭੇਜ ਦਿਤਾ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਵਿਚ ਜਕੜ ਕੇ ਭੇਜਿਆ ਗਿਆ। ਜਹਾਜ਼ ਸਨਿਚਰਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਉਤਰਿਆ। ਐਤਵਾਰ ਸਵੇਰੇ ਸਬੰਧਤ ਜ਼ਿਲ੍ਹਿਆਂ ਦੀ ਪੁਲਿਸ ਨੇ ਨੌਜੁਆਨਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿਤਾ। ਕੱਢੇ ਗਏ ਇਕ ਨੌਜੁਆਨ ਨੇ ਕਿਹਾ ਕਿ 3 ਨਵੰਬਰ ਨੂੰ ਇਕ ਹੋਰ ਜਹਾਜ਼ ਅਮਰੀਕਾ ਤੋਂ ਭਾਰਤੀਆਂ ਨੂੰ ਲੈ ਕੇ ਆਵੇਗਾ।
ਦੇਸ਼ ਨਿਕਾਲੇ ਵਿਚ ਸੱਭ ਤੋਂ ਵੱਧ 16 ਕਰਨਾਲ ਤੋਂ ਅਤੇ 14 ਕੈਥਲ ਤੋਂ ਹਨ। ਇਨ੍ਹਾਂ ਤੋਂ ਇਲਾਵਾ ਅੰਬਾਲਾ ਤੋਂ ਪੰਜ, ਕੁਰੂਕਸ਼ੇਤਰ ਅਤੇ ਯਮੁਨਾਨਗਰ ਤੋਂ ਚਾਰ-ਚਾਰ ਅਤੇ ਜੀਂਦ ਤੋਂ ਤਿੰਨ ਨੌਜੁਆਨਾਂ ਨੂੰ ਵੀ ਭਾਰਤ ਭੇਜਿਆ ਗਿਆ ਹੈ। ਇਹ ਸਾਰੇ ‘ਡੰਕੀ’ ਰਸਤੇ ਰਾਹੀਂ ਅਮਰੀਕਾ ਚਲੇ ਗਏ ਸਨ। ਕੈਥਲ ਦੀ ਪੁਲਿਸ ਲਾਈਨ ਵਿਚ ਨੌਜੁਆਨਾਂ ਤੋਂ ਪੁੱਛ-ਪੜਤਾਲ ਕਰ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਸੀ। ਇਸ ਤੋਂ ਬਾਅਦ 13 ਨੌਜੁਆਨਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਭੇਜਿਆ ਗਿਆ। ਪੁਲਿਸ ਨੂੰ ਅਜੇ ਤੱਕ ਕਿਸੇ ਏਜੰਟ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਰਹੇਗੀ।