ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਲਖਵਿੰਦਰ ਕੁਮਾਰ ਅਮਰੀਕਾ ਤੋਂ ਭਾਰਤ ਕੀਤਾ ਗਿਆ ਡਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਵਾਈ ਅੱਡੇ ਤੋਂ ਲਖਵਿੰਦਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Gangster Lakhwinder Kumar, associated with Lawrence gang, deported from US to India

ਨਵੀਂ ਦਿੱਲੀ : ਸੀ.ਬੀ.ਆਈ. ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਸਹਾਇਤਾ ਨਾਲ ਬਦਨਾਮ ਗੈਂਗਸਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਲਖਵਿੰਦਰ ਕੁਮਾਰ ਹਰਿਆਣਾ ਪੁਲਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਜਬਰੀ ਵਸੂਲੀ, ਧਮਕੀ, ਹਥਿਆਰਾਂ ਦਾ ਗੈਰ-ਕਾਨੂੰਨੀ ਕਬਜ਼ਾ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਅਪਰਾਧ ਸ਼ਾਮਲ ਸਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੈਂਗਸਟਰ ਲਖਵਿੰਦਰ ਕੁਮਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਦੀ ਅਪੀਲ ’ਤੇ ਇੰਟਰਪੋਲ ਨੇ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਸ ਤੋਂ ਬਾਅਦ ਉਸਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਅਤੇ 25 ਅਕਤੂਬਰ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਰਨ ਸਮੇਂ ਹਰਿਆਣਾ ਪੁਲਸ ਦੀ ਇੱਕ ਟੀਮ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਸੀ.ਬੀ.ਆਈ. ਅੰਤਰਰਾਸ਼ਟਰੀ ਪੱਧਰ ’ਤੇ ਭਗੌੜਿਆਂ ਦਾ ਪਤਾ ਲਗਾਉਣ ਲਈ ਇੰਟਰਪੋਲ ਰਾਹੀਂ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਇੰਟਰਪੋਲ ਦੀ ਸਹਾਇਤਾ ਨਾਲ 130 ਤੋਂ ਵੱਧ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਧਿਆਨ ਰਹੇ ਕਿ 6 ਜੂਨ ਨੂੰ ਸੈਕਰਾਮੈਂਟ ’ਚ ਐਫ.ਬੀ.ਆਈ. ਨੇ ਸ਼ੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਉਨ੍ਹਾਂ ਨੇ ਸਟਾਕਟਨ ’ਚ ਬਦਨਾਮ ਅਪਰਾਧੀ ਲਖਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।